ਜਲੰਧਰ, 10 ਅਪ੍ਰੈਲ : ਜੰਗ-ਏ-ਆਜ਼ਾਦੀ ਯਾਦਗਾਰ ਫਾਊਂਡੇਸ਼ਨ ਦੇ ਮੈਂਬਰ-ਸਕੱਤਰ ਅਤੇ ਯਾਦਗਾਰ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਡਾ. ਬਰਜਿੰਦਰ ਸਿੰਘ ਹਮਦਰਦ ਨੇ ਆਪ ਸਰਕਾਰ ਦੇ ਜੰਗ-ਏ-ਆਜ਼ਾਦੀ ਯਾਦਗਾਰ ਪ੍ਰਤੀ ਮਾੜੇ ਵਿਹਾਰ ਅਤੇ ਅਖੌਤੀ ਜਾਂਚ ਦੇ ਨਾਂਅ 'ਤੇ ਵਾਰ-ਵਾਰ ਪੁਲਿਸ ਭੇਜ ਕੇ ਪੰਜਾਬ ਦੇ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਜਿਨ੍ਹਾਂ ਦੀ ਯਾਦ ਵਿਚ ਇਹ ਯਾਦਗਾਰ ਉਸਾਰੀ ਗਈ ਹੈ, ਦਾ ਅਪਮਾਨ ਕਰਨ ਵਿਰੁੱਧ ਸਖ਼ਤ ਰੋਸ ਪ੍ਰਗਟ ਕਰਦਿਆਂ ਆਪਣੇ ਉਪਰੋਕਤ ਦੋਵਾਂ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਅਜੀਤ ਪ੍ਰਕਾਸ਼ਨ ਵਲੋਂ ਜਾਰੀ ਕੀਤੇ ਗਏ ਪ੍ਰੈੱਸ ਰਿਲੀਜ਼ ਮੁਤਾਬਿਕ, 2012 ਵਿਚ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਡਾ. ਬਰਜਿੰਦਰ ਸਿੰਘ ਹਮਦਰਦ 'ਤੇ ਜ਼ੋਰ ਦੇ ਕੇ ਇਸ ਯਾਦਗਾਰ ਦੀ ਉਸਾਰੀ ਦੀ ਜ਼ਿੰਮੇਵਾਰੀ ਸੰਭਾਲਣ ਲਈ ਕਿਹਾ ਸੀ। ਇਸ ਤੋਂ ਬਾਅਦ ਡਾ. ਬਰਜਿੰਦਰ ਸਿੰਘ ਹਮਦਰਦ ਨੇ ਆਪਣੇ ਰੁਝੇਵਿਆਂ ਭਰੀ ਜ਼ਿੰਦਗੀ ਵਿਚੋਂ ਲਗਭਗ 10 ਸਾਲ ਦਾ ਸਮਾਂ ਇਸ ਯਾਦਗਾਰ ਦੀ ਉਸਾਰੀ ਲਈ ਲਗਾਇਆ। ਇਸ ਮਕਸਦ ਲਈ ਪਹਿਲਾਂ ਪੰਜਾਬ ਦੇ ਉੱਘੇ ਇਤਿਹਾਸਕਾਰਾਂ ਦੀ ਇਕ ਸੰਕਲਪ ਕਮੇਟੀ ਬਣਾਈ ਗਈ ਸੀ ਤੇ ਇਸ ਤੋਂ ਬਾਅਦ ਇਸ ਸੰਕਲਪ ਪੇਪਰ ਦੇ ਆਧਾਰ 'ਤੇ ਜੰਗ-ਏ-ਆਜ਼ਾਦੀ ਯਾਦਗਾਰ ਵਿਚ ਪੰਜਾਬ ਵਿਚ ਆਜ਼ਾਦੀ ਸੰਘਰਸ਼ ਦੇ ਦੌਰਾਨ ਚੱਲੀਆਂ ਵੱਖ-ਵੱਖ ਲਹਿਰਾਂ ਨੂੰ ਸਮਰਪਿਤ ਗੈਲਰੀਆਂ ਉਸਾਰੀਆਂ ਗਈਆਂ ਸਨ। ਇਸ ਦੀ ਉਸਾਰੀ ਦਾ ਨੀਂਹ ਪੱਥਰ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ 19 ਅਕਤੂਬਰ, 2014 ਨੂੰ ਰੱਖਿਆ ਗਿਆ ਸੀ ਅਤੇ ਇਸ ਦੇ ਪਹਿਲੇ ਪੜਾਅ ਦੀ ਉਸਾਰੀ 6 ਨਵੰਬਰ 2016 ਨੂੰ ਮੁਕੰਮਲ ਹੋਈ ਸੀ। ਇਸ ਮਕਸਦ ਲਈ ਫਾਊਂਡੇਸ਼ਨ ਦੇ ਮੈਂਬਰਾਂ ਅਤੇ ਸਰਕਾਰੀ ਅਧਿਕਾਰੀਆਂ ਨੇ ਬੇਹੱਦ ਦਿਲਚਸਪੀ ਲੈ ਕੇ ਬੜੀ ਲਗਨ ਨਾਲ ਦਿਨ-ਰਾਤ ਕੰਮ ਕੀਤਾ। ਰਿਲੀਜ਼ ਮੁਤਾਬਿਕ, ਜੰਗ-ਏ-ਆਜ਼ਾਦੀ ਯਾਦਗਾਰ ਦੇ ਦੂਜੇ ਪੜਾਅ ਦਾ ਉਦਘਾਟਨ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 6 ਮਾਰਚ, 2018 ਨੂੰ ਕੀਤਾ ਗਿਆ ਸੀ। ਇਸ ਦੇ ਤੀਜੇ ਪੜਾਅ ਦਾ ਉਦਘਾਟਨ ਵੀ ਕੈਪਟਨ ਅਮਰਿੰਦਰ ਸਿੰਘ ਵਲੋਂ ਹੀ ਕੀਤਾ ਗਿਆ ਸੀ। ਸਮੇਂ ਦੀਆਂ ਸਾਰੀਆਂ ਸਰਕਾਰਾਂ ਨੇ ਅਤੇ ਸਾਰੇ ਮੁੱਖ ਮੰਤਰੀਆਂ ਨੇ ਇਸ ਯਾਦਗਾਰ ਦੀ ਉਸਾਰੀ ਲਈ ਵਧ ਚੜ੍ਹ ਕੇ ਸਹਿਯੋਗ ਦਿੱਤਾ ਸੀ। ਯਾਦਗਾਰ ਦੇ ਲਗਭਗ ਪੂਰੀ ਹੋ ਜਾਣ ਤੋਂ ਬਾਅਦ ਡਾ. ਹਮਦਰਦ ਨੇ ਰੁਝੇਵਿਆਂ ਕਾਰਨ ਆਪਣੇ ਅਹੁਦਿਆਂ ਤੋਂ ਅਸਤੀਫਾ ਵੀ ਦੇ ਦਿੱਤਾ ਸੀ ਪਰ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 1 ਜੁਲਾਈ, 2020 ਦੇ ਆਪਣੇ ਪੱਤਰ ਰਾਹੀਂ ਉਨ੍ਹਾਂ ਦਾ ਅਸਤੀਫ਼ਾ ਰੱਦ ਕਰ ਕੇ ਉਨ੍ਹਾਂ ਨੂੰ ਜੰਗ-ਏ-ਆਜ਼ਾਦੀ ਯਾਦਗਾਰ ਦਾ ਕੰਮਕਾਜ ਸੰਭਾਲੀ ਰੱਖਣ ਅਤੇ ਇਸ ਨੂੰ ਹੋਰ ਬਿਹਤਰ ਬਣਾਉਣ ਲਈ ਯਤਨ ਜਾਰੀ ਰੱਖਣ ਲਈ ਆਖਿਆ ਸੀ। ਇਸ ਦੇ ਨਾਲ ਹੀ ਕੈਪਟਨ ਨੇ ਡਾ. ਬਰਜਿੰਦਰ ਸਿੰਘ ਹਮਦਰਦ ਦੀ ਜੰਗ-ਏ-ਆਜ਼ਾਦੀ ਯਾਦਗਾਰ ਦੀ ਉਸਾਰੀ ਵਿਚ ਪਾਏ ਗਏ ਯੋਗਦਾਨ ਦੀ ਪ੍ਰਸ਼ੰਸਾ ਵੀ ਕੀਤੀ ਸੀ। ਕੌਮੀ ਤੇ ਕੌਮਾਂਤਰੀ ਪੱਧਰ 'ਤੇ ਇਸ ਯਾਦਗਾਰ ਦੀ ਵਿਸ਼ੇਸ਼ ਤੌਰ 'ਤੇ ਚਰਚਾ ਹੋਈ ਹੈ। 26 ਜਨਵਰੀ, 2022 ਨੂੰ ਪੰਜਾਬ ਦੀ ਗਣਤੰਤਰ ਦਿਵਸ 'ਤੇ ਦਿਖਾਈ ਜਾਣ ਵਾਲੀ ਝਾਕੀ ਵੀ ਇਸ ਯਾਦਗਾਰ ਦੇ ਆਧਾਰ 'ਤੇ ਬਣਾਈ ਗਈ ਸੀ। ਰਿਲੀਜ਼ ਮੁਤਾਬਿਕ, ਪਿਛਲੇ ਸਾਢੇ ਚਾਰ ਮਹੀਨਿਆਂ ਤੋਂ ਸਰਕਾਰ ਵਲੋਂ ਬਣਾਏ ਗਏ ਨਕਾਰਾਤਮਕ ਵਤੀਰੇ ਨੂੰ ਮੁੱਖ ਰਖਦਿਆਂ ਅੱਜ ਡਾ. ਹਮਦਰਦ ਵਲੋਂ ਆਪਣੇ ਉਪਰੋਕਤ ਦੋਵਾਂ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਅਤੇ ਨਾਲ ਹੀ ਉਨ੍ਹਾਂ ਨੇ ਭਗਵੰਤ ਮਾਨ ਦੀ ਸਰਕਾਰ ਨੂੰ ਇਹ ਵੀ ਸਪੱਸ਼ਟ ਰੂਪ ਵਿਚ ਸੁਨੇਹਾ ਦਿੱਤਾ ਹੈ ਕਿ 'ਅਜੀਤ' ਜਿਸ ਨੂੰ ਪੰਜਾਬ ਦੀ ਆਵਾਜ਼ ਕਿਹਾ ਜਾਂਦਾ ਹੈ ਅਤੇ ਪੰਜਾਬੀ ਉਸ ਨਾਲ ਅਥਾਹ ਪਿਆਰ ਕਰਦੇ ਹਨ, ਨਾ ਕਦੇ ਝੁਕਿਆ ਹੈ, ਨਾ ਹੀ ਕਦੇ ਝੁਕੇਗਾ ਅਤੇ ਨਾ ਹੀ ਕਿਸੇ ਵੀ ਸਰਕਾਰ ਦੇ ਦਬਾਅ ਹੇਠ ਆਵੇਗਾ।