- ਕੈਬਨਿਟ ਮੰਤਰੀ ਨੇ ਡਾ. ਭੀਮ ਰਾਓ ਅੰਬੇਦਕਰ ਦੀ ਜੈਅੰਤੀ ’ਤੇ ਬੱਸ ਸਟੈਂਡ ਚੌਕ ’ਤੇ ਸਥਾਪਿਤ ਉਨ੍ਹਾਂ ਦੇ ਬੁੱਤ 'ਤੇ ਸ਼ਰਧਾ ਸੁਮਨ ਕੀਤੇ ਭੇਟ
- ਕਿਹਾ, ਸਾਰੇ ਲੋਕ ਅੱਤਿਆਚਾਰ ਤੇ ਨਸ਼ਾ ਮੁਕਤ ਸਮਾਜ ਖਿਲਾਫ਼ ਆਵਾਜ਼ ਬੁਲੰਦ ਕਰਨ ਦਾ ਲੈਣ ਸੰਕਪਲ
- ਬਾਬਾ ਸਾਹਿਬ ਨੇ ਸੰਵਿਧਾਨ ਰਾਹੀਂ ਦੇਸ਼ ਦੇ ਸਾਰੇ ਵਰਗਾਂ ਨੂੰ ਸਨਮਾਨ ਨਾਲ ਦਿੱਤੇ ਉਨ੍ਹਾਂ ਦੇ ਅਧਿਕਾਰ
ਹੁਸ਼ਿਆਰਪੁਰ, 14 ਅਪ੍ਰੈਲ : ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੰਵਿਧਾਨ ਨਿਰਮਾਤਾ ਡਾ. ਬੀ.ਆਰ ਅੰਬੇਦਕਰ ਦੇ ਦਰਸਾਏ ਮਾਰਗ ’ਤੇ ਚੱਲਦਿਆਂ ਸਮਾਜ ਦੇ ਸਾਰੇ ਵਰਗਾਂ ਦੀ ਭਲਾਈ ਅਤੇ ਤਰੱਕੀ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਰਤਨ ਡਾ. ਅੰਬੇਦਕਰ ਨੇ ਦੇਸ਼ ਨੂੰ ਇਸ ਤਰ੍ਹਾਂ ਦਾ ਸੰਵਿਧਾਨ ਦਿੱਤਾ, ਜਿਸ ਨਾਲ ਭਾਰਤ ਨੇ ਇਕ ਮਜ਼ਬੂਤ ਲੋਕਤੰਤਰ ਵਜੋਂ ਸਥਾਪਿਤ ਹੋ ਕੇ ਪੂਰੇ ਵਿਸ਼ਵ ਵਿਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਉਨ੍ਹਾਂ ਸੰਵਿਧਾਨ ਰਾਹੀਂ ਦੇਸ਼ ਦੇ ਸਾਰੇ ਵਰਗਾਂ ਨੂੰ ਸਨਮਾਨਪੂਰਵਕ ਅਧਿਕਾਰ ਦਿੱਤੇ ਹਨ। ਉਹ ਅੱਜ ਭਾਰਤ ਰਤਨ ਡਾ. ਬੀ.ਆਰ.ਅੰਬੇਦਕਰ ਜੀ ਦੇ ਜਨਮ ਦਿਵਸ ’ਤੇ ਬੱਸ ਸਟੈਂਡ ਚੌਕ ’ਤੇ ਸਥਾਪਿਤ ਉਨ੍ਹਾਂ ਦੇ ਬੁੱਤ 'ਤੇ ਸ਼ਰਧਾ ਸੁਮਨ ਅਰਪਿਤ ਕਰਨ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ। ਕੈਬਨਿਟ ਮੰਤਰੀ ਨੇ ਕਿਹਾ ਕਿ ਸਾਰਿਆਂ ਲਈ ਇਹ ਮਾਣ ਦਾ ਮੌਕਾ ਹੈ ਕਿ ਅਸੀਂ ਸਾਰੇ ਅੱਜ ਭਾਰਤੀ ਸੰਵਿਧਾਨ ਦੇ ਪਿਤਾਮਾ ਡਾ. ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਵਸ ਮੌਕੇ ਉਨ੍ਹਾਂ ਦੇ ਦੇਸ਼ ਪ੍ਰਤੀ ਕਾਰਜ ਅਤੇ ਪ੍ਰਾਪਤੀਆਂ ਨੂੰ ਯਾਦ ਕਰ ਰਹੇ ਹਾਂ ਅਤੇ ਸ਼ਰਧਾ ਦੇ ਫੁੱਲ ਅਰਪਿਤ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਨਵੇਂ ਭਾਰਤ ਦੇ ਨਿਰਮਾਣ ਤੇ ਦੇਸ਼ ਦੀ ਆਜ਼ਾਦੀ ਵਿਚ ਬਾਬਾ ਸਾਹਿਬ ਦਾ ਯੋਗਦਾਨ ਸਭ ਤੋਂ ਅੱਗੇ ਰਿਹਾ। ਉਨ੍ਹਾਂ ਕਿਹਾ ਕਿ ਡਾ. ਭੀਮ ਰਾਓ ਅੰਬੇਦਕਰ ਇਕ ਮਹਾਨ ਵਿਦਵਾਨ, ਨਿਆਂਵਾਦੀ, ਅਰਥਸ਼ਾਸਤਰੀ ਅਤੇ ਸਮਾਜ ਸੁਧਾਰਕ ਸਨ। ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਅੱਜ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਦੀਆਂ ਸਿੱਖਿਆਵਾਂ ’ਤੇ ਚੱਲਣਾ ਸਮੇਂ ਦੀ ਮੰਗ ਹੈ। ਇਸ ਲਈ ਸਾਰੇ ਸੰਕਲਪ ਕਰਨ ਕਿ ਉਹ ਅੱਤਿਆਚਾਰ ਅਤੇ ਨਸ਼ਾ ਮੁਕਤ ਸਮਾਜ ਲਈ ਆਪਣੀ ਆਵਾਜ਼ ਉਠਾਉਣਗੇ। ਉਨ੍ਹਾਂ ਕਿਹਾ ਕਿ ਦੇਸ਼ ਦੀ ਇਸ ਮਹਾਨ ਸ਼ਖਸੀਅਤ ਨੂੰ ਸਾਨੂੰ ਆਪਣੇ ਆਦਰਸ਼ ਦੇ ਤੌਰ ’ਤੇ ਲੈਂਦੇ ਹੋਏ ਹਮੇਸ਼ਾ ਸਮਾਜਿਕ ਬਰਾਬਰੀ ਲਈ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਹੁੰਦੇ ਹੋਏ ਸਮਾਜ ਪ੍ਰਤੀ ਆਪਣਾ ਬਣਦਾ ਯੋਗਦਾਨ ਪਾਈਏ। ਇਸ ਮੌਕੇ ਨਗਰ ਨਿਗਮ ਫਾਈਨਾਂਸ ਕਮੇਟੀ ਦੇ ਚੇਅਰਮੈਨ ਬਲਵਿੰਦਰ ਬਿੰਦੀ, ਸਤਵੰਤ ਸਿੰਘ ਸਿਆਣ, ਚੰਦਨ ਲੱਕੀ, ਵਰਿੰਦਰ ਵੈਦ ਤੇ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਸਨ।