- ਡਾ. ਅੰਬੇਦਕਰ ਵੱਲੋਂ ਦਿਖਾਏ ਰਸਤੇ ਤੇ ਚੱਲਦੇ ਹੋਏ ਹਰ ਵਿਅਕਤੀ ਦੇਸ਼ ਅਤੇ ਸਮਾਜ ਦੀ ਸੇਵਾ ਵਿੱਚ ਯੋਗਦਾਨ ਪਾਵੇ – ਡਿਪਟੀ ਕਮਿਸ਼ਨਰ
ਕਪੂਰਥਲਾ 14 ਅਪ੍ਰੈਲ : ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਡਾ. ਭੀਮ ਰਾਓ ਅੰਬੇਦਕਰ ਦੇ 132ਵੇਂ ਜਨਮ ਦਿਵਸ ਮੌਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਾਪਿਤ ਡਾ: ਭੀਮ ਰਾਓ ਅੰਬੇਦਕਰ ਦੇ ਬੁੱਤ ’ਤੇ ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਡਾ. ਭੀਮ ਰਾਓ ਅੰਬੇਦਕਰ ਜੀ ਦੇ 132ਵੇਂ ਜਨਮ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਇੱਕ ਸਾਧਾਰਣ ਪਰਿਵਾਰ ’ਚ ਜਨਮੇ ਬਾਬਾ ਸਾਹਿਬ ਨੇ ਬੇਹੱਦ ਔਕੜਾਂ ਦਾ ਸਾਹਮਣਾ ਕੀਤਾ ਪਰ ਇਸ ਦੇ ਬਾਵਜੂਦ ਉਪ ਆਪਣੀ ਲਿਆਕਤ ਅਤੇ ਲਗਨ ਸਦਕਾ ਵਿਦਵਾਨ, ਕਾਨੂੰਨਦਾਨ, ਅਰਥ ਸ਼ਾਸਤਰੀ, ਸਮਾਜ ਸੁਧਾਰਕ ਅਤੇ ਰਾਜਨੀਤੀਵਾਨ ਵਜੋਂ ਦੁਨੀਆ ਭਰ ’ਚ ਸਤਿਕਾਰੇ ਜਾਣੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਇਸ ਮਹਾਨ ਸਖਸ਼ੀਅਤ ਨੂੰ ਸਾਨੂੰ ਆਪਣੇ ਆਦਰਸ਼ ਵਜੋਂ ਲੈਂਦਿਆਂ ਹਮੇਸ਼ਾਂ ਸਮਾਜ ਦੇ ਪਿਛੜੇ ਵਰਗਾਂ ਦੀ ਭਲਾਈ ਲਈ ਸਮਾਜਿਕ ਬਰਾਬਰੀ ਲਈ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਇਸ ਪਾਵਨ ਮੌਕੇ ਸਾਨੂੰ ਇਹ ਅਹਿਦ ਲੈਣਾ ਚਾਹੀਦਾ ਹੈ ਕਿ ਉਹ ਬਾਬਾ ਸਾਹਿਬ ਵੱਲੋਂ ਪਾਏ ਪੂਰਨਿਆਂ ’ਤੇ ਚੱਲਦੇ ਆਪਣੇ ਦੇਸ਼ ਅਤੇ ਸਮਾਜ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਉਣਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਸਾਗਰ ਸੇਤੀਆ ਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ ) ਪਰਮਜੀਤ ਕੌਰ ਨੇ ਕਿਹਾ ਕਿ ਸਾਨੂੰ ਸਭ ਨੂੰ ਉਨ੍ਹਾਂ ਦੇ ਨਕਸ਼ੇ ਕਦਮ `ਤੇ ਚੱਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਡਾ. ਅੰਬੇਦਕਾਰ ਜੀ ਨੇ ਆਪਣਾ ਪੂਰਾ ਜੀਵਨ ਸਮਾਜਿਕ ਸਦਭਾਵਨਾ ਅਤੇ ਸਭ ਨੂੰ ਬਰਾਬਰਤਾ ਦੇ ਹੱਕ ਦਿਵਾਉਣ ਲਈ ਸਪਰਪਿਤ ਕੀਤਾ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਵੱਲੋਂ ਤਿਆਰ ਕੀਤੇ ਸੰਵਿਧਾਨ ਵਿੱਚ ਜਿਥੇ ਸਾਨੂੰ ਮੌਲਿਕ ਅਧਿਕਾਰ ਦਿੱਤੇ ਗਏ ਹਨ ਓਥੇ ਸਾਡੇ ਕੁਝ ਫਰਜ ਵੀ ਤਹਿ ਕੀਤੇ ਗਏ ਹਨ ਅਤੇ ਹਰ ਭਾਰਤੀ ਨੂੰ ਆਪਣੇ ਫਰਜਾਂ ਦੀ ਅਦਾਇਗੀ ਵੀ ਜਰੂਰ ਕਰਨੀ ਚਾਹੀਦੀ ਹੈ। ਇਸ ਮੌਕੇ ਐਸ ਡੀ ਐਮ ਕਪੂਰਥਲਾ ਲਾਲ ਵਿਸ਼ਵਾਸ ਬੈਂਸ , ਜਿਲਾ ਸਮਾਜਿਕ ਨਿਆਂ ਤੇ ਅਧਿਕਾਰਤਾ ਅਫਸਰ ਹਰਪਾਲ ਸਿੰਘ ਗਿੱਲ , ਸਿਵਲ ਸਰਜਨ ਡਾ ਰਾਜਵਿੰਦਰ ਕੌਰ , ਡਿਪਟੀ ਡਾਇਰੈਕਟਰ ਬਾਗਬਾਨੀ ਸੁਖਪਾਲ ਸਿੰਘ ਤੇ ਹੋਰ ਹਾਜ਼ਰ ਸਨ ।