ਹੁਸ਼ਿਆਰਪੁਰ, 26 ਫਰਵਰੀ : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵਲੋਂ ਭਾਸ਼ਾ ਵਿਭਾਗ ਪੰਜਾਬ, ਜ਼ਿਲ੍ਹਾ ਭਾਸ਼ਾ ਦਫ਼ਤਰ ਹੁਸ਼ਿਆਰਪੁਰ ਵਿਖੇ ਬਤੌਰ ਖੋਜ ਅਫ਼ਸਰ-ਕਮ-ਜ਼ਿਲ੍ਹਾ ਭਾਸ਼ਾ ਅਫ਼ਸਰ ਸੇਵਾ ਨਿਭਾਅ ਰਹੇ ਡਾ. ਜਸਵੰਤ ਰਾਏ ਨੂੰ ਇੰਦਰਜੀਤ ਸਿੰਘ ਪੁਰੇਵਾਲ ਅਤੇ ਕਾਫ਼ਲਾ ਰਾਗ ਵਲੋਂ ਮਾਂ ਬੋਲੀ ਪੰਜਾਬੀ ਦੀ ਸੇਵਾ ਵਿਚ ਨਿਗਰਤਾ ਨਾਲ ਨਿਭਣ ਬਦਲੇ ‘ਰਾਗ ਸਾਹਿਤ ਪੁਰਸਕਾਰ’ ਮਿਲਣ ’ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵਧਾਈ ਦਿੱਤੀ ਗਈ। ਇਸ ਪੁਰਸਕਾਰ ਵਿਚ ਗਿਆਰਾਂ ਹਜ਼ਾਰ ਰੁਪਏ ਦੀ ਨਕਦ ਰਾਸ਼ੀ, ਸਨਮਾਨ ਪੱਤਰ ਅਤੇ ਫੁਲਕਾਰੀ ਸ਼ਾਮਿਲ ਹੈ। ਡਾ. ਜਸਵੰਤ ਰਾਏ ਪੰਜਾਬੀ ਭਾਸ਼ਾ ਦੀ ਪੂਰੀ ਪ੍ਰਤੀਬੱਧਤਾ ਅਤੇ ਤਨਦੇਹੀ ਨਾਲ ਸੇਵਾ ਕਰਨ ਵਿਚ ਜੁਟੇ ਹੋਏ ਹਨ। ਪੀ.ਐੱਚ.ਡੀ ਤੱਕ ਦੀ ਸਿੱਖਿਆ ਪ੍ਰਾਪਤ ਕਰਨ ਉਪਰੰਤ ਉਨ੍ਹਾਂ ਨੇ ਪੰਜਾਬੀ ਲੋਕ ਕਥਾਵਾਂ ’ਤੇ ਗੌਲਣਯੋਗ ਕਾਰਜ ਕੀਤਾ ਹੈ। ਉਨ੍ਹਾਂ ਨੇ ਗ਼ਦਰ ਲਹਿਰ, ਆਦਿ ਧਰਮ ਲਹਿਰ, ਰਾਮਾਸਾਮੀ ਪੇਰੀਆਰ ਅਤੇ ਲੋਕਧਾਰਾ ਵਿਚ ਵੀ ਵੱਡਾ ਕੰਮ ਕੀਤਾ ਹੈ। ਹੁਣ ਤੱਕ ਉਨ੍ਹਾਂ ਨੇ 12 ਕਿਤਾਬਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆਂ ਹਨ। ਉਨ੍ਹਾਂ ਦੇ ਯੋਗਦਾਨ ਬਦਲੇ ਸਿੱਖਿਆ ਵਿਭਾਗ ਵੱਲੋਂ ਸਟੇਟ ਅਵਾਰਡ, ਗਵਰਨਰ ਪੰਜਾਬ ਵਲੋਂ ਸੰਵਿਧਾਨ ਅਵਾਰਡ ਤੋਂ ਇਲਾਵਾ ਅਨੇਕਾਂ ਸਮਾਜਿਕ ਅਤੇ ਸਾਹਿਤਕ ਸੰਸਥਾਵਾਂ ਵਲੋਂ ਵੀ ਸਨਮਾਨਿਤ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭਵਿੱਖ ਵਿਚ ਵੀ ਡਾ. ਜਸਵੰਤ ਰਾਏ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਵਿਚ ਹੋਰ ਆਹਲਾ ਲਿਖਤਾਂ ਦੀ ਉਮੀਦ ਹੈ। ਇਸ ਸਮੇਂ ਚੇਅਰਮੈਨ ਨਗਰ ਸੁਧਾਰ ਟਰੱਸਟ ਹਰਮੀਤ ਸਿੰਘ ਔਲਖ ਨੇ ਵੀ ਡਾ. ਜਸਵੰਤ ਰਏ ਨੂੰ ਰਾਗ ਸਾਹਿਤ ਪੁਰਸਕਾਰ ਲਈ ਵਿਸ਼ੇਸ਼ ਵਧਾਈ ਦਿੱਤੀ।