ਡਿਪਟੀ ਕਮਿਸ਼ਨਰ ਨੇ ਲਿਆ ਸ਼ਹਿਰ ’ਚ ਸਫ਼ਾਈ ਵਿਵਸਥਾ ਦਾ ਜਾਇਜ਼ਾ

  • ਅਧਿਕਾਰੀਆਂ ਨੂੰ ਕੂੜੇ ਦੇ ਡੰਪ ਮਾਮਲੇ ’ਤੇ ਢੁਕਵੀਂ ਯੋਜਨਾ ਉਲੀਕਣ ਦੇ ਨਿਰਦੇਸ਼ 

ਕਪੂਰਥਲਾ, 16 ਜੁਲਾਈ 2024 : ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਅੱਜ ਸ਼ਹਿਰ ਅੰਦਰ ਸਫ਼ਾਈ ਵਿਵਸਥਾ ਦਾ ਜਾਇਜਾ ਲੈਂਦਿਆਂ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕੂੜੇ ਦੇ ਡੰਪ ਲਈ ਲੋੜੀਂਦੀ ਥਾਂ ਬਾਰੇ ਢੁਕਵੀਂ ਯੋਜਨਾ ਉਲੀਕੀ ਜਾਵੇ ਤਾਂ ਜੋ ਇਸ ਮਸਲੇ ਦਾ ਜਲਦ ਤੋਂ ਜਲਦ ਨਿਪਟਾਰਾ ਕੀਤਾ ਜਾ ਸਕੇ। ਨਗਰ ਨਿਗਮ ਕਮਿਸ਼ਨਰ ਅਨੁਪਮ ਕਲੇਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਗੁਜਰਾਲ, ਐਸ.ਡੀ.ਐਮ. ਇਰਵਿਨ ਕੌਰ ਅਤੇ ਹੋਰਨਾਂ ਅਧਿਕਾਰੀਆਂ ਨਾਲ ਇਸ ਮਸਲੇ ’ਤੇ ਵਿਚਾਰ ਕਰਦਿਆਂ ਡਿਪਟੀ ਕਮਿਸ਼ਨਰ ਨੇ  ਇਸ ਗੱਲ ’ਤੇ ਜ਼ੋਰ ਦਿੱਤਾ ਕਿ ਡੰਪ ਲਈ ਢੁਕਵੀਂ ਥਾਂ ਦੀ ਸ਼ਨਾਖਤ ਕਰਕੇ ਲੋੜੀਂਦੀ ਪ੍ਰਕਿਰਿਆ ਉਪਰੰਤ ਇਸਨੂੰ ਕੂੜਾ ਸੁੱਟਣ ਲਈ ਵਰਤਿਆ ਜਾਵੇ। ਉਨ੍ਹਾਂ ਕਿਹਾ ਕਿ ਨਗਰ ਨਿਗਮ ਬਾਕੀ ਸਬੰਧਿਤ ਵਿਭਾਗਾਂ ਨਾਲ ਤਾਲਮੇਲ ਕਰਕੇ ਇਸ ਕਾਰਜ ਨੂੰ ਤਰਜੀਹ ਦੇ ਆਧਾਰ ’ਤੇ ਨੇਪਰੇ ਚਾੜ੍ਹੇ। ਮੀਟਿੰਗ ਦੌਰਾਨ ਅਨੁਪਮ ਕਲੇਰ ਨੇ ਦੱਸਿਆ ਕਿ ਨਿਗਮ ਵਲੋਂ ਅਜਿਹੀ ਥਾਂ ਦੀ ਭਾਲ ਜਾਰੀ ਹੈ  ਤਾਂ ਜੋ ਸ਼ਹਿਰ ਵਿਚੋਂ ਰੋਜ਼ਾਨਾਂ ਇਕੱਠਾ ਹੁੰਦਾ ਕੂੜਾ ਵਾਹਨਾਂ ਰਾਹੀਂ ਇਸ ਜਗ੍ਹਾਂ ’ਤੇ ਪਹੁੰਚਾਇਆ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਵੀ ਸਥਾਨਕ ਸਰਕਾਰਾਂ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿਚ ਇਹ ਮਸਲਾ ਲਿਆ ਰਹੇ ਹਨ ਤਾਂ ਜੋ ਇਸਦਾ ਜਲਦ ਤੋਂ ਜਲਦ ਢੁਕਵਾਂ ਹੱਲ ਯਕੀਨੀ ਬਣਾਇਆ ਜਾਵੇ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਭਰੋਸਾ ਦਵਾਇਆ ਕਿ ਸ਼ਹਿਰ ਅਤੇ ਇਸਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਸਫਾਈ ਵਿਵਸਥਾ ਨੂੰ ਯਕੀਨੀ ਬਣਾਇਆ ਜਾਵੇ।