ਹੁਸ਼ਿਆਰਪੁਰ, 9 ਅਪ੍ਰੈਲ : ਅੰਮ੍ਰਿਤਪਾਲ ਸਿੰਘ ਦੇ ਮਾਮਲੇ ਵਿੱਚ ਹਿਰਾਸਤ 'ਚ ਲਏ ਗਏ ਐਨਆਰਆਈ ਜਸਵਿੰਦਰ ਸਿੰਘ ਪਾਂਗਲੀ ਨੂੰ ਪੁਲਿਸ ਨੂੰ 24 ਘੰਟਿਆਂ ਦੇ ਵਿੱਚ ਹੀ ਰਿਹਾਅ ਕਰਨਾ ਪਿਆ। ਪੁਲਿਸ ਨੂੰ ਐਨਆਰਆਈ ਨੌਜਵਾਨ ਦੇ ਖਿਲਾਫ ਕੋਈ ਵੀ ਸਬੂਤ ਨਹੀਂ ਮਿਲਿਆ। ਐਨਆਰਆਈ ਜਸਵਿੰਦਰ ਸਿੰਘ ਪਾਂਗਲੀ ਫਗਵਾੜਾ ਦੇ ਨਾਲ ਲੱਗਦੇ ਪਿੰਡ ਜਗਤਪੁਰ ਜੱਟਾਂ ਦਾ ਰਹਿਣ ਵਾਲਾ ਹੈ। ਜਸਵਿੰਦਰ ਸਿੰਘ ਪਾਂਗਲੀ ਨੂੰ ਪੁਲਿਸ ਵੱਲੋਂ ਐਤਵਾਰ ਬਾਅਦ ਦੁਪਹਿਰ ਹੁਸ਼ਿਆਰਪੁਰ ਦੀ ਇੱਕ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਵਿੱਚ ਐਨਆਰਆਈ ਦੇ ਐਡਵੋਕੇਟ ਤਨਹੀਰ ਸਿੰਘ ਬਰਿਆਣਾ ਨੇ ਦੱਸਿਆ ਕਿ ਜਸਵਿੰਦਰ ਸਿੰਘ ਨੂੰ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਵਿੱਚ ਸ਼ੱਕ ਦੇ ਆਧਾਰ ’ਤੇ ਗ੍ਰਿਫਤਾਰ ਹੈ। ਪਰ ਪੁਲਿਸ ਕੋਲ ਇਸ ਸਬੰਧੀ ਕੋਈ ਸਬੂਤ ਨਹੀਂ ਮਿਲਿਆ, ਜਿਸ ਕਰਕੇ ਅਦਾਲਤ ਵੱਲੋਂ ਜਸਵਿੰਦਰ ਸਿੰਘ ਨੂੰ ਰਿਹਾਅ ਕਰ ਦਿੱਤਾ ਗਿਆ। ਇਸ ਸੰਬੰਧੀ ਮੀਡੀਆ ਨਾਲ ਗੱਲ ਕਰਦਿਆ ਐਨਆਰਆਈ ਜਸਵਿੰਦਰ ਸਿੰਘ ਨੇ ਕਿਹਾ ਕਿ ਉਸ ਦਾ ਅੰਮ੍ਰਿਤਪਾਲ ਸਿੰਘ ਨਾਲ ਦੂਰ-ਦੂਰ ਦਾ ਵੀ ਕੋਈ ਵਾਸਤਾ ਨਹੀਂ ਹੈ।