ਪੰਜਾਬ ਐਗਰੋ ਦੇ ਹਫਤਾਵਾਰੀ ਪ੍ਰੋਗਰਾਮ ’ਪੰਜ ਦਰਿਆ’ ’ਚ ਚੇਅਰਮੈਨ ਸ਼ੇਰਗਿੱਲ ਨੇ ਪੁੱਜ ਕੇ ਕੀਤੀ ਪਸ਼ੂ ਪਾਲਕਾਂ ਹਿੱਤ ਗੱਲਬਾਤ

ਚੰਡੀਗੜ੍ਹ : ਪੰਜਾਬ ਰਾਜ ਸਹਿਕਾਰੀ ਦੁੱਧ ਉਤਪਾਦਕ ਸੰਘ ਲਿਮਟਿਡ (ਮਿਲਕਫੈਡ, ਪੰਜਾਬ) ਇੱਕ ਕਿਸਾਨਾਂ ਦੀ ਸਹਿਕਾਰੀ ਸੰਸਥਾ ਹੈ ਜੋ ਕਿ ਮੁੱਖ ਤੌਰ ਤੇ ਪੰਜਾਬ ਦੇ ਕਿਸਾਨਾਂ ਪਾਸੋਂ ਦੁੱਧ ਇਕੱਠਾ ਕਰਕੇ ਰਿਟੇਲਰਾਂ, ਡੀਲਰਾਂ ਅਤੇ ਵਿਤਰਕਾਂ ਦੇ ਨੈਟਵਰਕ ਰਾਹੀਂ ਪੰਜਾਬ ਅਤੇ ਗੁਆਂਢੀ ਰਾਜਾਂ ਵਿੱਚ ਵੇਰਕਾ ਬਰਾਂਡ ਦੇ ਨਾਂਅ ਹੇਠ ਦੁੱਧ ਅਤੇ ਦੁੱਧ ਪਦਾਰਥਾਂ ਦੀ ਮਾਰਕਿਟਿੰਗ ਕਰਦੀ ਹੈ। ਮਿਲਕਫੈਡ ਦੀ ਮੁੱਖ ਤਾਕਤ ਸਭ ਤੋੰ ਸ਼ੁੱਧ ਅਤੇ ਵਧੀਆ ਗੁਣਵੱਤਾ ਵਾਲੇ ਦੁੱਧ ਦੀ ਪ੍ਰਾਪਤੀ ਵਿੱਚ ਹੈ। ਜਿਸ ਤੋਂ ਉਹ ਉੱਚ ਗੁਣਵੱਤਾ ਵਾਲੇ ਦੁੱਧ ਪਦਾਰਥਾਂ ਦਾ ਉਤਪਾਦਨ ਕਰਨਾ ਯਕੀਨੀ ਬਣਾਉਂਦਾ ਹੈ। ਪੰਜਾਬ ਐਗਰੋ ਦੇ ਹਫਤਾਵਾਰੀ ਪ੍ਰੋਗਰਾਮ ‘’ਪੰਜ ਦਰਿਆ’’ ਦੇ ਦਿਵਾਲੀ ਦੇ ਮੌਕੇ ਉੱਪਰ ਸੰਚਾਲਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਵਿੱਚ ਕਿਸਾਨਾਂ ਅਤੇ ਖਾਸ ਕਰਕੇ ਪੰਜਾਬ ਦੇ ਪਸੂ਼ ਪਾਲਕਾਂ ਲਈ ਮਿਲਕਫੈਡ ਵਲੋਂ ਕੀਤੀ ਜਾ ਰਹੀ ਸੇਵਾ ਸਬੰਧੀ ਗੱਲਬਾਤ ਕਰਨ ਲਈ ਉਚੇਚੇ ਤੌਰ ਤੇ ਡੀ.ਡੀ. ਪੰਜਾਬੀ ਜਲੰਧਰ ਵਲੋਂ ਮਿਲਕਫੈਡ ਦੇ ਨਵੇਂ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਅਤੇ ਹਰਮਿੰਦਰ ਸਿੰਘ ਸੰਧੂ (ਜਨਰਲ ਮੈਨੇਜਰ, ਮਾਰਕਿਟਿੰਗ) ਨੂੰ ਸੱਦਾ ਦਿੱਤਾ ਗਿਆ। ਪ੍ਰੋਗਰਾਮ ਵਿੱਚ ਗੱਲਬਾਤ ਕਰਦੇ ਨਰਿੰਦਰ ਸਿੰਘ ਸ਼ੇਰਗਿੱਲ ਮਿਲਕਫੈਡ ਪੰਜਾਬ ਨੇ ਮਿਲਕਫੈਡ ਵਲੋਂ ਕਿਸਾਨਾਂ ਦੇ ਆਰਥਿਕ ਪੱਧਰ ਨੂੰ ਉੱਪਰ ਰੱਖਣ ਲਈ, ਖਾਸ ਕਰਕੇ ਪਸ਼ੂ ਪਾਲਕਾਂ ਲਈ ਪਸ਼ੂਆਂ ਦੇ ਰੱਖ-ਰਖਾਵ ਸਬੰਧੀ, ਉਹਨਾਂ ਦੀ ਸੰਤੁਲਿਤ ਖੁਰਾਕ ਸਬੰਧੀ ਅਤੇ ਉਹਨਾਂ ਦੀ ਨਸਲ ਸੁਧਾਰਨ ਸਬੰਧੀ ਮਿਲਕਫੈਡ ਵਲੋਂ ਕੀਤੇ ਜਾ ਰਹੇ ਵੱਖ ਵੱਖ ਕੰਮਾਂ ਬਾਰੇ ਚਾਨਣਾ ਪਾਇਆ। ਉਹਨਾਂ ਨੇ ਪ੍ਰੋਗਰਾਮ ਵਿੱਚ ਗੱਲ ਕਰਦਿਆਂ ਦੱਸਿਆ ਕਿ ਕਿਸ ਤਰ੍ਹਾਂ ਮਿਲਕਫੈਡ ਦੁੱਧ ਕਿਸਾਨਾਂ ਦੀ ਖੁਸ਼ਹਾਲੀ ਲਈ ਆਪਣੀ ਵਿੱਤੀ ਸਮਰੱਥਾ ਤੋਂ ਵੱਧ ਕੇ ਕੰਮ ਕਰਦੀ ਹੈ ਅਤੇ ਜਿਸ ਦੀ ਜਿੰਦਾ ਮਿਸਾਲ ਮਿਲਕਫੈਡ ਵਲੋਂ ਕੋਵਿਡ-19 ਦੇ ਦੌਰਾਨ ਦੁੱਧ ਪ੍ਰਾਪਤੀ ਸਬੰਧੀ ਕੀਤਾ ਗਿਆ ਕੰਮ। ਇਸ ਮੁਸ਼ਕਿਲ ਸਮੇੰ ਵਿੱਚ ਜਦੋਂ ਪ੍ਰਾਈਵੇਟ ਡੇਅਰੀਆਂ ਅਤੇ ਫੈਕਟਰੀਆਂ ਨੇ ਦੁੱਧ ਇਕੱਠਾ ਕਰਨਾ ਬੰਦ ਕਰ ਦਿੱਤਾ ਸੀ, ਉਸ ਵੇਲੇ ਮਿਲਕਫੈਡ ਨੇ ਆਪਣੀ ਸਮਰੱਥਾ ਤੋਂ 30% ਵੱਧ ਕੇ ਦੁੱਧ ਇਕੱਠਾ ਕੀਤਾ ਅਤੇ ਦੁੱਧ ਕਿਸਾਨੀ ਨੂੰ ਬਰਬਾਦ ਹੋਣ ਤੋਂ ਬਚਾਇਆ। ਨਰਿੰਦਰ ਸਿੰਘ ਸ਼ੇਰਗਿੱਲ ਚੇਅਰਮੈਨ, ਮਿਲਕਫੈਡ, ਪੰਜਾਬ ਨੇ ਮੁੱਖ ਮੰਤਰੀ ਸ. ਭਗਵੰਤ ਮਾਨ ਵਲੋਂ ਫਿਰੋਜ਼ਪੁਰ ਅਤੇ ਲੁਧਿਆਣਾ ਵਿਖੇ ਸਟੇਟ ਆਫ ਆਰਟ ਸਵੈਚਾਲਿਤ ਦੁੱਧ ਪਲਾਂਟਾਂ ਦੇ ਉਦਘਾਟਨ ਬਾਰੇ ਵੀ ਗੱਲਬਾਤ ਕੀਤੀ। ਉਹਨਾਂ ਦੱਸਿਆ ਕਿ ਕਿਸ ਤਰ੍ਹਾਂ ਮਿਲਕਫੈਡ ਨਾ ਸਿਰਫ ਪੰਜਾਬ ਦੇ ਦੁੱਧ ਉਤਪਾਦਕਾਂ ਕੋਲੋਂ ਦੁੱਧ ਇਕੱਠਾ ਕਰਦੀ ਹੈ ਸਗੋਂ ਉਸ ਦੁੱਧ ਤੋਂ ਉੱਤਮ ਕੁਆਲਿਟੀ ਦੇ ਦੁੱਧ ਪਦਾਰਥਾ ਦਾ ਉਤਪਾਦਨ ਕਰਦੇ ਹੋਏ ਆਪਣੇ ਗ੍ਰਾਹਕਾਂ ਨੂੰ ਬਹੁਤ ਹੀ ਵਾਜਿਬ ਰੇਟਾਂ ਉੱਪਰ ਦੁੱਧ ਪਦਾਰਥ ਮੁੱਹਈਆਂ ਕਰਵਾਉਂਦੀ ਹੈ। ਹਰਮਿੰਦਰ ਸਿੰਘ ਸੰਧੂ, ਜਨਰਲ ਮੈਨੇਜਰ ਮਾਰਕਿਟਿੰਗ ਮਿਲਕਫੈਡ ਪੰਜਾਬ ਨੇ ਇਸ ਪ੍ਰੋਗਰਾਮ ਦੇ ਸੰਚਾਲਕ, ਪੰਜਾਬੀ ਸਿਨੇਮਾ ਅਤੇ ਰੰਗਮੰਚ ਦੇ ਕਲਾਕਾਰ ਸ਼੍ਰੀ ਬਾਲ ਮੁਕੰਦ ਸ਼ਰਮਾ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵੇਰਕਾ ਆਪਣੇ ਦੁੱਧ ਪਲਾਂਟਾਂ ਰਾਹੀਂ ਬਹੁਤ ਹੀ ਉੱਤਮ ਕੁਆਲਿਟੀ ਦਾ ਦੁੱਧ, ਪਨੀਰ, ਮੱਖਣ ਅਤੇ ਖੀਰ ਮੁਹੱਈਆ ਕਰਵਾਉਂਦਾ ਹੈ ਜਿਸ ਦੀ ਲੋਕਾਂ ਵਿੱਚ ਬਹੁਤ ਭਾਰੀ ਮੰਗ ਰਹਿੰਦੀ ਹੈ। ਵੇਰਕਾ ਦੇ ਦੁੱਧ ਪਦਾਰਥ ਆਪਣੀ ਉੱਤਮ ਕੁਆਲਿਟੀ ਕਰਕੇ ਨਾ ਸਿਰਫ ਕੌਮੀ ਪੱਧਰ ਤੱਕ ਸੀਮਤ ਹੈ ਸਗੋਂ ਅੰਤਰਰਾਸ਼ਟਰੀ ਪੱਧਰ ਉੱਪਰ ਵੀ ਇਹਨਾਂ ਦੀ ਬਹੁਤ ਮੰਗ ਹੈ। ਚੇਅਰਮੈਨ ਸ. ਨਰਿੰਦਰ ਸਿੰਘ ਸ਼ੇਰਗਿੱਲ ਨੇ ਮਿਲਕਫੈਡ ਪੰਜਾਬ ਦੇ ਕਰਮਚਾਰੀਆਂ ਦੇ ਕੰਮ-ਕਾਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਿਲਕਫੈਡ ਵਲੋਂ ਦਹੀਂ ਵਿੱਚ 42%, ਘਿਉ ਵਿੱਚ 46%, ਪੈਕੇਟ ਵਾਲੇ ਦੁੱਧ ਵਿੱਚ 12%, ਆਈਸਕਰੀਮ ਵਿੱਚ 30% ਅਤੇ ਡੇਅਰੀ ਵਾਈਟਨਰ ਵਿੱਚ ਪਿਛਲੇ ਸਾਲ ਦੇ ਮੁਕਾਬਲੇ 17% ਸੇਲ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਇਸ ਮੌਕੇ ਤੇ ਸ਼੍ਰੀ ਬਾਲ ਮੁਕੰਦ ਸ਼ਰਮਾ ਨੇ ਨਰਿੰਦਰ ਸਿੰਘ ਸ਼ੇਰਗਿੱਲ ਚੇਅਰਮੈਨ ਅਤੇ ਸ. ਹਰਮਿੰਦਰ ਸਿੰਘ ਸੰਧੂ ਜਨਰਲ ਮੈਨੇਜਰ ਮਾਰਕਿੰਟਿੰਗ ਮਿਲਕਫੈਡ ਪੰਜਾਬ ਦਾ ਇਸ ਪ੍ਰੋਗਰਾਮ ਵਿੱਚ ਭਾਗ ਲੈਣ ਲਈ ਧੰਨਵਾਦ ਕੀਤਾ ਅਤੇ ਉਨ੍ਹਾਂ ਨੇ ਨਾਲ ਹੀ ਸਤਬੀਰ ਪ੍ਰੋਡਕਸ਼ਨ ਦੇ ਟੈਕਨੀਕਲ ਡਾਇਰੈਕਟਰ ਸ. ਜਸਵਿੰਦਰ ਸਿੰਘ ਦਾ ਵੀ ਧੰਨਵਾਦ ਕੀਤਾ।