ਹੁਸ਼ਿਆਰਪੁਰ, 10 ਅਪ੍ਰੈਲ : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿਚ ਕੈਂਪ ਲਗਾ ਕੇ ਆਮ ਲੋਕਾਂ ਨੂੰ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ (ਪੀ. ਐਮ. ਜੇ. ਜੇ. ਬੀ. ਵਾਈ) ਅਤੇ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ (ਪੀ. ਐਮ. ਐਸ. ਬੀ. ਵਾਈ) ਦਾ ਲਾਭ ਦਿੱਤਾ ਜਾਵੇਗਾ। ਉਹ ਅੰਜ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਜ਼ਿਲ੍ਹੇ ਦੇ ਸਾਰੇ ਸਰਕਾਰੀ, ਪ੍ਰਾਈਵੇਟ ਅਤੇ ਸਹਿਕਾਰੀ ਬੈਂਕਾਂ ਦੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਲੀਡ ਜ਼ਿਲ੍ਹਾ ਮੈਨੇਜਰ ਤਰਸੇਮ ਸਿੰਘ ਪੁਰੇਵਾਲ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਭੁਪਿੰਦਰ ਸਿੰਘ ਮੁਲਤਾਨੀ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਇਸ ਦੌਰਾਨ ਬੈਂਕ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਜਨ ਹਿੱਤ ਵਿਚ ਇਨ੍ਹਾਂ ਦੋਵਾਂ ਯੋਜਨਾਵਾਂ ਸਬੰਧੀ ਪਿੰਡਾਂ ਦੀਆਂ ਸਾਂਝੀਆਂ ਥਾਵਾਂ ’ਤੇ ਕੈਂਪ ਲਗਾਉਣ, ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਇਸ ਯੋਜਨਾ ਤਹਿਤ ਸ਼ਾਮਿਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਕੈਂਪ ਲਈ ਹਰੇਕ ਬ੍ਰਾਂਚ ਨੂੰ ਤਿੰਨ ਤੋਂ ਚਾਰ ਪਿੰਡ ਅਲਾਟ ਕੀਤੇ ਜਾਣਗੇ, ਜਿਸ ਵਿਚ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਆਂਗਣਵਾੜੀ ਵਰਕਰ ਤੇ ਹੋਰ ਵਿਭਾਗ ਉਨ੍ਹਾਂ ਦੀ ਸਹਾਇਤਾ ਕਰਨਗੇ। ਲੀਡ ਜ਼ਿਲ੍ਹਾ ਮੈਨੇਜਰ ਤਰਸੇਮ ਸਿੰਘ ਪੁਰੇਵਾਲ ਨੇ ਦੱਸਿਆ ਕਿ 18 ਤੋਂ 50 ਸਾਲ ਦੀ ਉਮਰ ਵਰਗ ਵਾਲੇ ਉਹ ਵਿਅਕਤੀ, ਜਿਨ੍ਹਾਂ ਦਾ ਬੈਂਕ ਖਾਤਾ ਹੈ, ਉਹ ਇਕ ਕਿਸ਼ਤ ਵਿਚ 436 ਰੁਪਏ ਦਾ ਸਾਲਾਨਾ ਪ੍ਰੀਮੀਅਮ ਦੇ ਕੇ ਪੀ. ਐਮ. ਜੇ. ਜੇ. ਬੀ. ਵਾਈ ਯੋਜਨਾ ਦਾ ਲਾਭ ਲੈ ਸਕਦੇ ਹਨ, ਜਿਸ ਤਹਿਤ ਬੀਮਾ ਕਰਤਾ ਦੀ ਮੌਤ ਹੋਣ ’ਤੇ ਉਸ ਦੇ ਨਾਮਿਨੀ ਨੂੰ 2 ਲੱਖ ਰੁਪਏ ਮਿਲਣਗੇ। ਇਸੇ ਤਰ੍ਹਾਂ ਪੀ. ਐਮ. ਐਸ. ਬੀ. ਵਾਈ ਯੋਜਨਾ ਤਹਿਤ 18 ਤੋਂ 70 ਸਾਲ ਉਮਰ ਵਰਗ ਵਾਲੇ ਉਹ ਵਿਅਕਤੀ, ਜਿਨ੍ਹਾਂ ਦਾ ਬੈਂਕ ਖਾਤਾ ਹੈ, ਉਹ ਇਕ ਕਿਸ਼ਤ ਵਿਚ 20 ਰੁਪਏ ਦਾ ਸਾਲਾਨਾ ਪ੍ਰੀਮੀਅਮ ਦੇ ਕੇ ਇਸ ਯੋਜਨਾ ਦਾ ਲਾਭ ਲੈ ਸਕਦੇ ਹਨ। ਇਸ ਯੋਜਨਾ ਤਹਿਤ ਬੀਮਾਕਰਤਾ ਦਾ 2 ਲੱਖ ਰੁਪਏ ਦਾ ਦੁਰਘਟਨਾ ਬੀਮਾ ਕਵਰ ਹੁੰਦਾ ਹੈ। ਮੀਟਿੰਗ ਵਿਚ ਜ਼ਿਲ੍ਹੇ ਦੇ ਸਮੂਹ ਬੈਂਕਾਂ ਦੇ ਅਧਿਕਾਰੀ ਮੌਜੂਦ ਸਨ।