- 3082.77 ਲੱਖ ਰੁਪਏ ਦੀ ਲਾਗਤ ਨਾਲ ਉਕਤ ਦੋਵੇਂ ਪਿੰਡਾਂ ’ਚ ਸੀਵਰੇਜ ਸਿਸਟਮ ਪਾਉਣ ਦਾ ਕਾਰਜ ਡੇਢ ਸਾਲ ’ਚ ਹੋਵੇਗਾ ਪੂਰਾ
- ਕਿਹਾ, ਪਿੰਡਾਂ ਦੇ ਵਿਕਾਸ ਲਈ ਨਹੀਂ ਛੱਡੀ ਜਾ ਰਹੀ ਕੋਈ ਕਮੀ
- ਦੋਵਾਂ ਪਿੰਡਾਂ ਦੀ 12064 ਆਬਾਦੀ ਤੇ 2893 ਘਰਾਂ ਨੂੰ ਮਿਲੇਗਾ ਲਾਭ
ਹੁਸ਼ਿਆਰਪੁਰ, 02 ਮਾਰਚ : ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਦੇ ਵਿਕਾਸ ਲਈ ਕੋਈ ਕਮੀ ਨਹੀਂ ਛੱਡ ਰਹੀ ਹੈ। ਉਹ ਅੱਜ ਪਿੰਡ ਬਜਵਾੜਾ ਵਿਚ ਬਜਵਾੜਾ ਅਤੇ ਕਿਲਾ ਬਰੂਨ ਵਿਚ 3082.77 ਲੱਖ ਰੁਪਏ ਦੀ ਲਾਗਤ ਨਾਲ ਸੀਵਰੇਜ ਸਿਸਟਮ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਉਣ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਨਾਲ ਇਨ੍ਹਾਂ ਦੋਵਾਂ ਪਿੰਡਾਂ ਵਿਚ ਵਿਕਾਸ ਦੀ ਗਤੀ ਵੀ ਤੇਜ਼ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕ ਹਿੱਤ ਵਿਚ ਪਿਛਲੇ ਦਿਨੀਂ ਹੀ ਪੰਜਾਬ ਸਰਕਾਰ ਵਲੋਂ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਜਲ ਸਪਲਾਈ ਤੇ ਸੀਵਰੇਜ਼ ਵਿਭਾਗ ਵਲੋਂ ਇਸ ਪ੍ਰੋਜੈਕਟ ਨੂੰ ਪੂਰਾ ਕੀਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਪਿੰਡ ਵਿਚ ਰੱਖੇ ਸਮਾਰੋਹ ਨੂੰ ਵੀ ਸੰਬੋਧਨ ਕੀਤਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਕੈਬਨਿਟ ਮੰਤਰੀ ਨੇ ਦੱਸਿਆ ਕਿ ਪਿੰਡ ਬਜਵਾੜਾ ਦੀ ਮੌਜੂਦਾ ਜਨਸੰਖਿਆ 10322 ਅਤੇ 2483 ਘਰ ਹਨ ਅਤੇ ਪਿੰਡ ਕਿਲਾ ਬਰੂਨ ਦੀ ਮੌਜੂਦਾ ਜਨਸੰਖਿਆ 1742 ਅਤੇ 410 ਘਰ ਹਨ। ਉਨ੍ਹਾਂ ਦੱਸਿਆ ਕਿ ਉਕਤ ਸੀਵਰੇਜ ਪ੍ਰੋਜੈਕਟ ਸ਼ੁਰੂ ਹੋਣ ਨਾਲ ਇਨ੍ਹਾਂ ਦੋਵਾਂ ਪਿੰਡਾਂ ਦੀ 12064 ਆਬਾਦੀ ਅਤੇ 2893 ਘਰਾਂ ਨੂੰ ਲਾਭ ਮਿਲੇਗਾ। ਉਨ੍ਹਾਂ ਦੱਸਿਆ ਕਿ ਪਿੰਡ ਬਜਵਾੜਾ ਤੇ ਕਿਲਾ ਬਰੂਨ ਦੇ ਸੀਵਰ ਨੂੰ 30 ਸਾਲ ਦੀ ਆਬਾਦੀ ਨੂੰ ਲੈਂਦੇ ਹੋਏ ਡਿਜਾਇਨ ਕੀਤਾ ਗਿਆ ਹੈ ਅਤੇ ਇਸ ਕਾਰਜ ਲਈ 2.5 ਐਮ.ਐਲ.ਡੀ ਦਾ ਸੀਵਰੇਜ਼ ਟ੍ਰੀਟਮੈਂਟ ਪਲਾਂਟ ਬਣਾਇਆ ਜਾਣਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਅਤਿਆਧੁਨਿਕ ਟੈਕਨਾਲੋਜੀ ਦੇ ਰਾਹੀਂ ਐਸ.ਟੀ.ਪੀ ਬਣਾਇਆ ਜਾਣਾ ਹੈ, ਜਿਸ ਰਾਹੀਂ ਬਾਇਓਕੈਮੀਕਲ ਆਕਸੀਜਨ ਡਿਮਾਂਡ 10 ਐਮ.ਜੀ/ਲੀਟਰ ਤੱਕ ਕੰਟਰੋਲ ਹੋਵੇਗੀ ਅਤੇ ਟ੍ਰੀਟਡ ਪਾਣੀ ਦੀ ਵਰਤੋਂ ਸਿੰਚਾਈ ਲਈ ਕੀਤੀ ਜਾਵੇਗੀ। ਬ੍ਰਮ ਸੰਕਰ ਜਿੰਪਾ ਨੇ ਦੱਸਿਆ ਕਿ ਪਿੰਡ ਕਿਲਾ ਬਰੂਨ ਵਿਚ ਇਕ ਇੰਟਰਮੀਡੀਏਟ ਪੰਪਿੰਗ ਸਟੇਸ਼ਨ ਬਣਾਇਆ ਜਾਣਾ ਹੈ, ਜਿਸ ਰਾਹੀਂ ਸੀਵਰੇਜ ਪੰਪ ਕਰਕੇ ਬਜਵਾੜਾ ਦੇ ਮੇਨ ਸੀਵਰ ਵਿਚ ਪਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਵਿਚ ਕੁੱਲ 47625 ਮੀਟਰ ਯੂ.ਪੀ.ਪੀ.ਵੀ.ਸੀ ਅਤੇ ਆਰ.ਸੀ.ਸੀ ਸੀਵਰ ਪਾਈਪ ਲਾਈਨ ਪਾਉਣ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਕਾਰਜ ਲਈ ਮਾਣਤਾ ਪ੍ਰਾਪਤ ਫਰਮ ਨੂੰ ਕੰਮ ਅਲਾਟ ਕਰ ਦਿੱਤਾ ਗਿਅ ਹੈ ਅਤੇ ਡੇਢ ਸਾਲ ਵਿਚ ਇਹ ਕੰਮ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਫਰਮ ਵਲੋਂ ਮੌਕੇ ’ਤੇ ਜੋ ਗਲੀਆਂ ਸੀਵਰ ਪਾਉਣ ਲਈ ਤੋੜੀ ਜਾਵੇਗੀ, ਉਹ ਗਲੀਆਂ ਉਕਤ ਫਰਮ ਵਲੋਂ ਬਣਾਈਆਂ ਜਾਣਗੀਆਂ।