- ਹੁਸ਼ਿਆਰਪੁਰ ਤੋਂ ਸ੍ਰੀ ਸਾਲਾਸਰ ਧਾਮ ਤੇ ਸ੍ਰੀ ਖਾਟੂ ਸ਼ਿਆਮ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਏ.ਸੀ ਵਾਲਵੋ ਬੱਸ ਰਵਾਨਾ
- ਯਾਤਰੀਆਂ ਦਾ ਖ਼ਰਚ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ : ਬ੍ਰਮ ਸ਼ੰਕਰ ਜਿੰਪਾ
- ਕਿਹਾ, ਧਾਰਮਿਕ ਸਥਾਨਾਂ ਦੇ ਦਰਸ਼ਨਾ ਤੋਂ ਵਾਂਝੇ ਲੋਕਾਂ ਲਈ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਸਾਬਿਤ ਹੋ ਰਹੀ ਹੈ ਵਰਦਾਨ
ਹੁਸ਼ਿਆਰਪੁਰ, 4 ਮਾਰਚ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਤਹਿਤ ਅੱਜ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਹੁਸ਼ਿਆਰਪੁਰ ਤੋਂ ਸ੍ਰੀ ਸਾਲਾਸਰ ਧਾਮ ਅਤੇ ਸ੍ਰੀ ਖਾਟੂ ਸ਼ਿਆਮ ਜੀ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਬੱਸ ਨੂੰ ਰਵਾਨਾ ਕਰਨ ਮੌਕੇ ਕੈਬਨਿਟ ਮੰਤਰੀ ਜਿੰਪਾ ਨੇ ਕਿਹਾ ਕਿ ਇਸ ਸਕੀਮ ਦੇ ਸ਼ੁਰੂ ਹੋਣ ਨਾਲ ਪੰਜਾਬ ਵਾਸੀਆਂ ਨੂੰ ਦੇਸ਼ ਭਰ ਵਿਚ ਵੱਖ-ਵੱਖ ਤੀਰਥ ਸਥਾਨਾਂ ਦੇ ਦਰਸ਼ਨਾਂ ਲਈ ਮੁਫ਼ਤ ਸਫ਼ਰ ਦੀ ਸਹੂਲਤ ਮਿਲੀ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਯਾਤਰਾ ’ਤੇ ਜਾਣ ਵਾਲੇ ਯਾਤਰੀਆਂ ਦਾ ਖ਼ਰਚ ਪੰਜਾਬ ਸਰਕਾਰ ਕਰੇਗੀ, ਜਿਸ ਵਿਚ ਉਨ੍ਹਾਂ ਦੇ ਆਉਣ-ਜਾਣ, ਠਹਿਰਨ ਅਤੇ ਖਾਣ-ਪੀਣ ਦਾ ਸਾਰਾ ਖ਼ਰਚਾ ਸ਼ਾਮਿਲ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਤਲਵੰਡੀ ਸਾਬੋ, ਸ੍ਰੀ ਸਾਲਾਸਰ ਧਾਮ, ਸ੍ਰੀ ਖਾਟੂ ਸ਼ਿਆਮ ਜੀ, ਮਾਤਾ ਚਿੰਤਾਪੁਰਨੀ ਜੀ ਆਦਿ ਸਥਾਨਾਂ ਦੀ ਯਾਤਰਾ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਾਤਾ ਵੈਸ਼ਨੋ ਦੇਵੀ ਅਤੇ ਹੋਰ ਤੀਰਥ ਸਥਾਨਾਂ ਲਈ ਵੀ ਜਲਦ ਹੀ ਬੱਸਾਂ ਰਵਾਨਾ ਕੀਤੀਆਂ ਜਾਣਗੀਆਂ। ਬ੍ਰਮ ਸ਼ੰਕਰ ਜਿੰਪਾ ਨੇ ਯਾਤਰੀਆਂ ਨੂੰ ਸ਼ੁੱਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਇਸ ਤੀਰਥ ਯਾਤਰਾ ’ਤੇ ਜਾਣ ਲਈ ਸਰਕਾਰ ਵੱਲੋਂ ਬਿਹਤਰੀਨ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਵਧੇਰੇ ਉਮਰ ਅਤੇ ਆਰਥਿਕ ਤੰਗੀ ਕਾਰਨ ਪੰਜਾਬ ਅਤੇ ਭਾਰਤ ਦੇ ਮੁੱਖ ਥਾਵਾਂ ਦੇ ਦਰਸ਼ਨ ਕਰਨ ਤੋਂ ਵੰਚਿਤ ਲੋਕਾਂ ਲਈ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਵਰਦਾਨ ਸਾਬਤ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਇਸ ਵਿਸ਼ੇਸ਼ ਯੋਜਨਾ ਲਈ ਵਿਤੀ ਸਾਲ 2023-24 ਦੌਰਾਨ 40 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਇਸ ਮੌਕੇ ਕਮਿਸ਼ਨਰ ਜਿਓਤੀ ਬਾਲਾ ਮੱਟੂ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੈਂਬਰ ਅਜੇ ਵਰਮਾ, ਸੁਮੇਸ਼ ਸੋਨੀ, ਵਰਿੰਦਰ ਵੈਦ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।