- ਕਿਹਾ, ਪੰਜ ਜ਼ਿਲ੍ਹਿਆਂ ਵਿੱਚ ਖੋਲੀਆਂ ਜਾ ਰਹੀਆਂ ਨੇ 12 ਹੋਰ ਨਵੀਂ ਜਨਤਕ ਰੇਤ ਖੱਡਾਂ
ਨਵਾਂਸ਼ਹਿਰ, 28 ਫ਼ਰਵਰੀ : ਸੂਬਾ ਵਾਸੀਆਂ ਨੂੰ ਵਾਜਬ ਦਰਾਂ 'ਤੇ ਰੇਤ ਮੁਹੱਈਆ ਕਰਾਉਣਾ ਯਕੀਨੀ ਬਣਾਉਣ ਲਈ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਪਿੰਡ ਬੇਲਾ ਤਾਜੋਵਾਲ ਵਿਖੇ ਜਨਤਕ ਖੱਡ ਦਾ ਰੇਤਾ ਨਾਲ ਭਰੀ ਟਰਾਲੀ ਨੂੰ ਹਰੀ ਝੰਡੀ ਦੇ ਕੇ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਸੰਤੋਸ਼ ਕਟਾਰੀਆ ਬਲਾਚੌਰ, ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ, ਬੀ.ਸੀ ਵਿੰਗ ਦੇ ਪੰਜਾਬ ਪ੍ਰਧਾਨ ਸ਼ਿਵਕਰਨ ਸਿੰਘ ਚੇਚੀ, ਜ਼ਿਲ੍ਹਾ ਯੋਜਨਾ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਜਲਾਲਪੁਰ, ਜਿਲ੍ਹਾ ਯੂਥ ਪ੍ਰਧਾਨ ਵਨੀਤ ਜਾਡਲਾ ਵੀ ਮੌਜੂਦ ਸਨ। ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚ 12 ਹੋਰ ਨਵੀਂ ਜਨਤਕ ਰੇਤ ਖੱਡਾਂ ਖੋਲ੍ਹੀਆਂ ਜਾ ਰਹੀਆਂ ਹਨ। ਇਹ ਜਨਤਕ ਖੱਡਾਂ ਪੰਜ ਜ਼ਿਲ੍ਹਿਆਂ ਫ਼ਿਰੋਜ਼ਪੁਰ, ਐਸ.ਬੀ.ਐਸ. ਨਗਰ, ਅੰਮ੍ਰਿਤਸਰ, ਮੋਗਾ ਅਤੇ ਜਲੰਧਰ ਵਿੱਚ ਖੋਲੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸੇ ਕੜੀ ਤਹਿਤ ਅੱਜ ਬਲਾਚੌਰ ਦੇ ਪਿੰਡ ਬੇਲਾ ਤਾਜੋਵਾਲ ਵਿਖੇ ਨੇੜੇ ਸਰਕਾਰੀ ਮਿਡਲ ਸਕੂਲ ਨਵੀਂ ਜਨਤਕ ਖੱਡ ਖੋਲੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇੰਨ੍ਹਾਂ ਖੱਡਾਂ ਤੋਂ ਆਮ ਜਨਤਾਂ ਵੱਲੋਂ ਮੈਨੂਅਲ ਖੁਦਾਈ ਕਰਕੇ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਦੇ ਹਿਸਾਬ ਨਾਲ ਰੇਤਾਂ ਲਿਆ ਜਾ ਸਕਦਾ ਹੈ ਅਤੇ ਰੇਤਾ ਦੀ ਢੋਆ-ਢੁਆਈ ਦਾ ਪ੍ਰਬੰਧ ਆਪਣੇ ਪੱਧਰ ‘ਤੇ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਆਮ ਲੋਕਾਂ ਵੱਲੋਂ ਜਨਤਕ ਰੇਤ ਖੱਡਾਂ ਖੋਲ੍ਹਣ ਦੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ ਅਤੇ ਇਸ ਸਮੇਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੁੱਲ 60 ਜਨਤਕ ਖੱਡਾਂ ਚਲ ਰਹੀਆਂ ਹਨ। ਆਮ ਲੋਕਾਂ ਨੂੰ ਹੁਣ ਤੱਕ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਦੇ ਹਿਸਾਬ ਨਾਲ 15.90 ਲੱਖ ਮੀਟ੍ਰਿਕ ਟਨ ਰੇਤ ਪ੍ਰਦਾਨ ਕੀਤੀ ਜਾ ਚੁੱਕੀ ਹੈ, ਜੋ ਇਸ ਪਹਿਲਕਦਮੀ ਦੀ ਸ਼ਾਨਦਾਰ ਸਫ਼ਲਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਇਸ ਵੱਕਾਰੀ ਉਪਰਾਲੇ ਦਾ ਉਦੇਸ਼ ਲੋਕਾਂ ਨੂੰ ਕਿਫ਼ਾਇਤੀ ਦਰਾਂ 'ਤੇ ਰੇਤ ਮੁਹੱਈਆ ਕਰਵਾਉਣਾ ਹੈ। ਖਣਨ ਅਤੇ ਭੂ-ਵਿਗਿਆਨ ਵਿਭਾਗ ਵੱਲੋਂ ਸ਼ਨਾਖ਼ਤ ਕੀਤੀਆਂ ਗਈਆਂ ਨਵੀਆਂ ਜਨਤਕ ਰੇਤ ਖੱਡਾਂ ਦੇ ਉਦਘਾਟਨ ਨਾਲ ਇਨ੍ਹਾਂ ਖੱਡਾਂ ਦੀ ਕੁੱਲ ਗਿਣਤੀ 72 ਹੋ ਜਾਵੇਗੀ, ਜਿਸ ਨਾਲ ਆਮ ਲੋਕਾਂ ਨੂੰ ਵਧੇਰੇ ਲਾਭ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਜਨਤਕ ਰੇਤ ਖੱਡਾਂ ਦੀ ਮਦਦ ਨਾਲ ਵੱਡੀ ਪੱਧਰ 'ਤੇ ਆਮ ਲੋਕ ਖ਼ੁਦ ਰੇਤ ਦੀ ਖੁਦਾਈ ਕਰਕੇ ਵੇਚ ਸਕਦੇ ਹਨ, ਜਿਸ ਨਾਲ ਬਾਜ਼ਾਰ ਵਿੱਚ ਰੇਤ ਦੀ ਸਪਲਾਈ ਵਧੇਗੀ ਅਤੇ ਰੇਤ ਦੇ ਮਾਰਕੀਟ ਰੇਟ ਵੀ ਘਟਣਗੇ।