- ਜਿਲੇ ਵਿੱਚ 911 ਆਂਗਣਵਾੜੀ ਕੇਂਦਰਾਂ ਵਿਚ ਵਰਕਰਾਂ ਨੂੰ ਹੋਵੇਗਾ ਸਿੱਧਾ ਲਾਭ
- ਪੋਸ਼ਣ ਟਰੈਕਰ ਐਪ ਖ਼ਾਤਰ ਮਿਲੇਗਾ ਪ੍ਰਤੀ ਸਾਲ 2 ਹਜ਼ਾਰ ਰੁਪਏ ਦਾ ਮੋਬਾਈਲ ਡੇਟਾ ਪੈਕੇਜ
- ਡਿਪਟੀ ਕਮਿਸ਼ਨਰ ਵੱਲੋਂ ਪੋਸ਼ਣ ਅਭਿਆਨ ਨੂੰ ਹੋਰ ਅਸਰਦਾਰ ਤਰੀਕੇ ਨਾਲ ਲਾਗੂ ਕਰਨ ਲਈ ਆਦੇਸ਼ ਜਾਰੀ
ਕਪੂਰਥਲਾ 2 ਜੂਨ : ਪੰਜਾਬ ਸਰਕਾਰ ਵੱਲੋਂ ਆਂਗਣਵਾੜੀ ਕੇਂਦਰਾਂ ਨੂੰ ਸਾਲਾਨਾ 2000 ਰੁਪੈ ਦਾ ਡਾਟਾ ਪੈਕੇਜ ਦੇਣ ਦੀ ਮਨਜ਼ੂਰੀ ਦਿੱਤੀ ਗਈ ਹੈ। ਡਿਪਟੀ ਕਮਿਸ਼ਨਰ ਕਪੂਰਥਲਾ ਕੈਪਟਨ ਕਰਨੈਲ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਪੋਸ਼ਣ ਅਭਿਆਨ ਦੇ ਰਿਕਾਰਡ ਵਾਸਤੇ ਅਤੇ ਇਸ ਅਭਿਆਨ ਦੇ ਜ਼ਮੀਨੀ ਪੱਧਰ ’ਤੇ ਨਿਰੀਖਣ ਲਈ ਪਿਛਲੇ ਸਮੇਂ ‘ਪੋਸ਼ਣ ਟਰੈਕਰ’ ਮੋਬਾਈਲ ਐਪ ਜਾਰੀ ਕੀਤੀ ਸੀ, ਜਿਸ ਨੂੰ ਚਲਾਉਣ ਵਾਸਤੇ ਆਂਗਣਵਾੜੀ ਵਰਕਰਾਂ ਨੂੰ ਪਹਿਲਾ ਮੋਬਾਈਲ ਡੇਟਾ ਪੈਕੇਜ ਖੁਦ ਲੈਣਾ ਪੈਂਦਾ ਸੀ ਪਰ ਹੁਣ ਪੰਜਾਬ ਸਰਕਾਰ ਵਲੋਂ ਕਪੂਰਥਲਾ ਜਿਲੇ ਦੇ ਸਾਰੇ 911 ਆਂਗਣਵਾੜੀ ਕੇਂਦਰਾਂ ਨੂੰ ਡਾਟਾ ਪੈਕੇਜ ਦੇਣ ਲਈ ਰਾਸ਼ੀ ਜਾਰੀ ਕੀਤੀ ਗਈ ਹੈ ਤਾਂ ਜੋ ਆਂਗਨਵਾੜੀ ਵਰਕਰਾਂ ਨੂੰ ਆਪਣੇ ਪੱਲ੍ਹਿਓ ਪੈਸੇ ਨਾ ਖਰਚਣੇ ਪੈਣ। ਜ਼ਿਲ੍ਹੇ ਦੀਆਂ 911 ਆਂਗਣਵਾੜੀਆਂ ਦੀਆਂ ਆਂਗਣਵਾੜੀ ਵਰਕਰਾਂ ਨੂੰ ਆਪਣੇ ਸਮਾਰਟਫ਼ੋਨ ਰਾਹੀਂ ਪੋਸ਼ਨ ਟਰੈਕਰ ਦੀ ਬਿਹਤਰ ਵਰਤੋਂ ਕਰਨ ਦੇ ਯੋਗ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਆਂਗਣਵਾੜੀ ਵਰਕਰਾਂ ਅਤੇ ਆਂਗਣਵਾੜੀ ਹੈਲਪਰਾਂ ਦੀ ਇਸ ਖੇਤਰ ਵਿੱਚ ਬਿਹਤਰੀਨ ਕਾਰਗੁਜ਼ਾਰੀ ਬਦਲੇ ਕ੍ਰਮਵਾਰ 500 ਰੁਪਏ ਅਤੇ 250 ਰੁਪਏ ਦੀ ਪ੍ਰੋਤਸਾਹਨ ਰਾਸ਼ੀ ਨਾਲ ਉਨ੍ਹਾਂ ਦਾ ਉਤਸ਼ਾਹ ਵਧਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੋਸ਼ਣ ਅਭਿਆਨ ਤਹਿਤ ਆਂਗਣਵਾੜੀ ਕੇਂਦਰਾਂ ਰਾਹੀਂ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਪੌਸ਼ਟਿਕ ਖੁਰਾਕ ਮੁਹੱਈਆ ਕਰਾਈ ਜਾਂਦੀ ਹੈ ਤਾਂ ਜੋ ਉਹ ਕੁਪੋਸ਼ਣ ਦਾ ਸ਼ਿਕਾਰ ਨਾ ਹੋਣ। ਇਸ ਅਭਿਆਨ ਨੂੰ ਜ਼ਮੀਨੀ ਪੱਧਰ ’ਤੇ ਪਾਰਦਰਸ਼ਤਾ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਨ ਲਈ ਪੰਜਾਬ ਸਰਕਾਰ ਵੱਲੋਂ ਵੀ ਇਸ ਐਪਲੀਕੇਸ਼ਨ ਦੀ ਵਰਤੋਂ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ ਤਾਂ ਜੋ ਆਂਗਣਵਾੜੀ ਵਰਕਰ ਅਤੇ ਹੈਲਪਰ ਪੋਸ਼ਣ ਸਬੰਧੀ ਸਾਰਾ ਰਿਕਾਰਡ ਇਸ ਐਪ ’ਤੇ ਅਪਲੋਡ ਕਰ ਸਕਣ ਤੇ ਹੁਣ ਸਮਰਪਿਤ ਡੇਟਾ ਪੈਕੇਜ ਆਂਗਣਵਾੜੀ ਵਰਕਰਾਂ ਨੂੰ ਮਿਲਣ ਨਾਲ ਇਸ ਅਭਿਆਨ ਨੂੰ ਹੋਰ ਬਿਹਤਰ ਤਰੀਕੇ ਨਾਲ ਲਾਗੂ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜਿੱਥੇ ਸੂਬੇ ਦੀਆਂ ਔਰਤਾਂ ਅਤੇ ਬੱਚਿਆਂ ਦੀ ਭਲਾਈ ਯਕੀਨੀ ਬਣਾਉਣ ਲਈ ਵਚਨਬੱਧ ਹੈ, ਉਥੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਮੰਗਾਂ ਤੇ ਮਸਲਿਆਂ ਦਾ ਵੀ ਪੂਰਾ ਖਿਆਲ ਰੱਖ ਰਹੀ ਹੈ।