- ਕਪੂਰਥਲਾ ਤਹਿਸੀਲ ਦੇ 506 ਅਤੇ ਭੁਲੱਥ ਤਹਿਸੀਲ ਦੇ 147 ਬਿਨੈਕਾਰਾਂ ਨੂੰ ਮਿਲੇਗਾ ਲਾਭ
- ਡਿਪਟੀ ਕਮਿਸ਼ਨਰ ਵਲੋਂ ਵੱਧ ਤੋਂ ਵੱਧ ਉਸਾਰੀ ਕਿਰਤੀਆਂ ਨੂੰ ਬੋਰਡ ਕੋਲ ਰਜਿਸਟ੍ਰੇਸ਼ਨ ਕਰਵਾਉਣ ਦਾ ਸੱਦਾ
- ਜਾਰੀ ਰਾਸ਼ੀ ਸਿੱਧੀ ਲਾਭਪਾਤਰੀਆਂ ਦੇ ਖਾਤੇ ਵਿਚ ਹੋਵੇਗੀ ਟ੍ਰਾਂਸਫਰ
ਕਪੂਰਥਲਾ, 30 ਮਈ : ਡਿਪਟੀ ਕਮਿਸ਼ਨਰ ਕਪੂਰਥਲਾ ਕੈਪਟਨ ਕਰਨੈਲ ਸਿੰਘ ਵਲੋਂ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦੇ ਰਜਿਸਟਰਡ ਲਾਭਪਾਤਰੀਆਂ ਨੂੰ ਬੋਰਡ ਵੱਲੋਂ ਦਿੱਤੀਆਂ ਜਾ ਰਹੀਆਂ ਵੱਖ ਵੱਖ ਭਲਾਈ ਸਕੀਮਾਂ ਤਹਿਤ 91 ਲੱਖ ਰੁਪਏ ਤੋਂ ਵੱਧ ਦੀ ਰਕਮ ਮਨਜ਼ੂਰ ਕੀਤੀ ਗਈ। ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹੇ ਵਿਚ 653 ਅਰਜ਼ੀਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਨ੍ਹਾਂ ਵਿਚ ਕਪੂਰਥਲਾ ਤਹਿਸੀਲ ਦੀਆਂ ਕੁੱਲ 506 ਅਰਜੀਆਂ ਅਤੇ ਭੁਲੱਥ ਤਹਿਸੀਲ ਦੀਆਂ 147 ਲਾਭਪਾਤਰੀ ਸ਼ਾਮਿਲ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਉਸਾਰੀ ਕਿਰਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਕਪੂਰਥਲਾ ਤਹਿਸੀਲ ਲਈ 506 ਬਿਨੈਕਾਰਾਂ ਵਾਸਤੇ 63,58,000/- ਰੁਪਏ ਅਤੇ ਭੁਲੱਥ ਤਹਿਸੀਲ ਦੇ ਕੁੱਲ 147 ਬਿਨੈਕਾਰਾਂ ਲਈ 27,55,000/- ਰੁਪਏ ਮਨਜ਼ੂਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਸਾਰੀ ਰਾਸ਼ੀ ਕਿਰਤ ਵਿਭਾਗ ਪਾਸ ਰਜਿਸਟਰਡ ਉਸਾਰੀ ਕਿਰਤੀਆਂ ਦੇ ਬੈਂਕ ਖਾਤਿਆ ਵਿੱਚ ਸਿੱਧੇ ਤੌਰ ’ਤੇ ਭੇਜੀ ਜਾਵੇਗੀ। ਉਨ੍ਹਾਂ ਵੱਖ-ਵੱਖ ਉਸਾਰੀ ਗਤੀਵਿਧੀਆਂ ਵਿਚ ਲੱਗੇ ਕਾਮਿਆਂ ਨੂੰ ਸੱਦਾ ਦਿੱਤਾ ਕਿ ਉਹ ਬੋਰਡ ਕੋਲ ਆਪਣੀ ਰਜਿਸਟ੍ਰੇਸ਼ਨ ਜ਼ਰੂਰ ਕਰਵਾਉਣ ਤਾਂ ਜੋ ਉਹ ਪੰਜਾਬ ਸਰਕਾਰ ਦੀਆਂ ਬੋਰਡ ਰਾਹੀਂ ਚਲਾਈਆਂ ਜਾ ਰਹੀਆਂ ਸਿਹਤ ਸਹੂਲਤਾਂ,ਵਜੀਫ਼ਾ ਅਤੇ ਹੋਰਨਾਂ ਲੋਕ ਭਲਾਈ ਸਕੀਮਾਂ ਦਾ ਬਣਦਾ ਲਾਭ ਲੈ ਸਕਣ। ਉਨ੍ਹਾਂ ਕਿਰਤ ਵਿਭਾਗ ਅਤੇ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਜ਼ਿਲੇ ਭਰ ਵਿਚ ਕੰਸਟਰਕਸ਼ਨ ਵਾਲੀਆਂ ਥਾਵਾਂ ਤੇ ਜਾ ਕੇ ਕੈਂਪ ਲਗਾਉਣ ਤਾਂ ਜੋ ਵੱਧ ਤੋਂ ਵੱਧ ਉਸਾਰੀ ਕਿਰਤੀਆਂ ਦੀ ਰਜਿਸਟ੍ਰੇਸ਼ਨ ਕੀਤੀ ਜਾ ਸਕੇ।