ਜਲੰਧਰ 20 ਅਪ੍ਰੈਲ : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਡਾ: ਰਾਜ ਕੁਮਾਰ ਵੇਰਕਾ ਨੇ ਭਾਜਪਾ ਦੇ ਚੋਣ ਦਫ਼ਤਰ ਲਾਜਪਤ ਨਗਰ ਵਿਖੇ ਉਲੀਕੀ ਪ੍ਰੈਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ 'ਤੇ ਵਰ੍ਹਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਹਾਲਤ ਸੰਗਰੂਰ ਲੋਕ ਸਭਾ ਚੋਣ ਵਿੱਚ ਜੋ ਹੋਈ ਸੀ, ਉਹੀ ਹਾਲ ਜਲੰਧਰ ਦੀ ਇਸ ਲੋਕ ਸਭਾ ਚੋਣ ਵਿੱਚ ਹੋਵੇਗੀ। ਇਸ ਮੌਕੇ ਉਹਨਾਂ ਦੇ ਨਾਲ ਸੂਬਾ ਮੀਡੀਆ ਸਕੱਤਰ ਜਨਾਰਦਨ ਸ਼ਰਮਾ, ਅਮਰਜੀਤ ਸਿੰਘ ਅਮਰੀ, ਰਮਨ ਪੱਬੀ, ਮਨੋਜ ਅਗਰਵਾਲ ਅਤੇ ਅਮਿਤ ਭਾਟੀਆ ਵੀ ਹਾਜ਼ਰ ਸਨ। ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਵਿੱਚ 92 ਵਿਧਾਇਕ ਹਨ, ਪਰ ਫਿਰ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਹਲਕੇ ਵਾਲੀ ਸੰਗਰੂਰ ਲੋਕ ਸਭਾ ਸੀਟ ਹਾਰ ਜਾਣਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਪਾਰਟੀ ਲਈ ਬਹੁਤ ਹੀ ਸ਼ਰਮ ਵਾਲੀ ਗੱਲ ਹੈ। ਆਮ ਆਦਮੀ ਪਾਰਟੀ ਨੂੰ ਜਲੰਧਰ ਵਿੱਚ ਚੋਣ ਲੜਨ ਲਈ ਵੀ ਕੋਈ ਚਿਹਰਾ ਨਹੀਂ ਲੱਭਾI ਆਮ ਆਦਮੀ ਪਾਰਟੀ ਨੂੰ ਕਿਉਂ ਇੱਕ ਕਾਂਗਰਸੀ ਨੂੰ ਆਪਣਾ ਉਮੀਦਵਾਰ ਬਣਾਉਣਾ ਪਿਆ ਅਤੇ ਉਹ ਵੀ ਚੋਣ ਹਾਰਿਆ ਹੋਇਆ? ਜਨਤਾ ਸਭ ਕੁਝ ਦੇਖ ਅਤੇ ਸਮਝ ਰਹੀ ਹੈ। ਭਾਜਪਾ ਨਿਸ਼ਚਿਤ ਤੌਰ 'ਤੇ ਜ਼ਮੀਨੀ ਪੱਧਰ 'ਤੇ ਬਹੁਤ ਮਜ਼ਬੂਤ ਹੈ ਅਤੇ ਪਾਰਟੀ ਇਹ ਚੋਣ ਬਹੁਤ ਹੀ ਮਜ਼ਬੂਤ ਰਣਨੀਤੀ ਨਾਲ ਲੜ ਰਹੀ ਹੈ। ਵਰਕਰਾਂ ਦੀ ਮਿਹਨਤ ਸਦਕਾ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਇਸ ਚੋਣ ਵਿਚ ਜਨਤਾ ਦੇ ਸਮਰਥਨ ਨਾਲ ਭਾਰੀ ਬਹੁਮਤ ਹਾਸਿਲ ਕਰ ਜਿੱਤ ਪ੍ਰਾਪਤ ਕਰਕੇ ਨਵਾਂ ਇਤਿਹਾਸ ਸਿਰਜਣਗੇI