ਬਾਰਿਸ਼ ਦੇ ਮੌਸਮ ਦੌਰਾਨ ਜ਼ਿਲ੍ਹੇ ਅੰਦਰ 16 ਲੱਖ ਪੌਦੇ ਲਗਾਏ ਜਾਣਗੇ—ਵਧੀਕ ਡਿਪਟੀ ਕਮਿਸ਼ਨਰ (ਜ)

ਨਵਾਂਸ਼ਹਿਰ, 15 ਜੁਲਾਈ 2024 : ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਹਰਿਆ-ਭਰਿਆ, ਸੁੰਦਰ ਅਤੇ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਕਰਨ ਬਣਾਉਣ ਲਈ ਬਾਰਿਸ਼ ਦੇ ਮੌਸਮ ਦੌਰਾਨ ਜ਼ਿਲ੍ਹੇ ਅੰਦਰ 16 ਲੱਖ ਬੂਟੇ ਲਗਾਏ ਜਾਣਗੇ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨਵਾਂਸ਼ਹਿਰ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹੇ ਅੰਦਰ ਵਣ ਵਿਭਾਗ ਵੱਲੋਂ ਕੀਤੀ ਜਾਣ ਵਾਲੀ ਪਲਾਂਟੇਸ਼ਨ ਸਬੰਧੀ ਆਯੋਜਿਤ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।  ਇਸ ਮੀਟਿੰਗ ਵਿੱਚ ਵਣ ਮੰਡਲ ਅਫ਼ਸਰ ਹਰਭਜਨ ਸਿੰਘ, ਗੁੱਡ ਗਵਰਨਸ ਫੈਲੋ ਅਸ਼ਮੀਤਾ ਪਰਮਾਰ ਅਤੇ ਵੱਖ ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਹਾਜ਼ਰ ਸਨ।ਵਧੀਕ ਡਿਪਟੀ ਕਮਿਸ਼ਨਰ (ਜ) ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਰਿਸ਼ ਦਾ ਮੌਸਮ ਪੌਦੇ ਲਗਾਉਣ ਲਈ ਢੁੱਕਵਾ ਹੈ। ਇਸ ਸਮੇਂ ਦੌਰਾਨ ਲਗਾਏ ਗਏ ਪੌਦੇ ਅਸਾਨੀ ਨਾਲ ਪੱਲ ਜਾਂਦੇ ਹਨ ਅਤੇ ਇਨ੍ਹਾਂ ਦਿਨਾਂ ਦੌਰਾਨ ਬੂਟਿਆਂ ਦੀ ਘੱਟ ਸਾਂਭ ਸੰਭਾਲ ਕਰਨੀ ਪੈਂਦੀ ਹੈ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਪਿੰਡਾਂ ਦੀਆਂ ਫਿਰਨੀਆਂ, ਛੱਪੜਾਂ, ਖਾਲੀ ਪੰਚਾਇਤੀ ਜਮੀਨਾਂ, ਸਕੂਲਾਂ ਅਤੇ ਹੋਰ ਸਰਕਾਰੀ ਥਾਂਵਾਂ, ਜਿੱਥੇ ਜਗ੍ਹਾਂ ਖਾਲੀ ਹੈ, ‘ਤੇ ਬੂਟੇ ਲਗਾਉਣ। ਖਾਸ ਕਰਕੇ ਪਿੰਡਾਂ ਵਿੱਚ ਤਰਵੇਣੀ ਜ਼ਰੂਰ ਲਗਾਈ ਜਾਵੇ। ਉਨ੍ਹਾਂ ਕਿਹਾ ਕਿ ਬੂਟੇ ਲਗਾਉਣ ਉਪਰੰਤ ਉਨ੍ਹਾਂ ਦੀ ਸਾਂਭ ਸੰਭਾਲ ਕਰਨ ਨੂੰ ਵੀ ਯਕੀਨੀ ਬਣਾਇਆ ਜਾਵੇ। ਵਧੀਕ ਡਿਪਟੀ ਕਮਿਸ਼ਨਰ (ਜ) ਨੇ ਕਿਹਾ ਕਿ ਵਾਤਾਵਰਣ ਨੂੰ ਹਰਿਆ ਭਰਿਆ ਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਜ਼ਿਲ੍ਹੇ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਿਹੜੀ ਸੰਸਥਾ, ਸਕੂਲ, ਕਾਲਜ ਜਾਂ ਕੋਈ ਵੀ ਸਰਕਾਰੀ ਅਦਾਰਾ ਪੌਦੇ ਲਗਾਉਣਾ ਚਾਹੁੰਦੀ ਹੈ ਤਾਂ ਉਹ ਵਣ ਵਿਭਾਗ ਕੋਲ ਆਪਣੀ ਮੰਗ ਅਨੁਸਾਰ ਪੌਦੇ ਪ੍ਰਾਪਤ ਕਰ ਸਕਦੀ ਹੈ।