ਆਪ ਵੱਲੋਂ ਮਾਨ ਦੀ ਤੁਲਨਾ ਪੰਜਾਬ ਦੇ ਬੱਬਰ ਸ਼ੇਰ ਮਹਾਰਾਜਾ ਰਣਜੀਤ ਸਿੰਘ ਨਾਲ ਬਹੁਤ ਵੱਡੀ ਬੇਇਨਸਾਫੀ: ਡਾ. ਦਲਜੀਤ ਸਿੰਘ ਚੀਮਾ 

ਚੰਡੀਗੜ੍ਹ, 16 ਜੂਨ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਅਤੇ ਪੰਜਾਬੀਆਂ ਨਾਲ ਧੋਖਾ ਦੇਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਦੀ ਤੁਲਨਾ ਪੰਜਾਬ ਦੇ ਅਸਲ ਬੱਬਰ ਸ਼ੇਰ ਅਤੇ ਖਾਲਸਾ ਰਾਜ ਦੇ ਆਗੂ ਮਹਾਰਾਜਾ ਰਣਜੀਤ ਸਿੰਘ ਨਾਲ ਕਰਨਾ ਮਹਾਰਾਜਾ ਰਣਜੀਤ ਸਿੰਘ ਨਾਲ ਬਹੁਤ ਵੱਡੀ ਬੇਇਨਸਾਫੀ ਹੈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਆਪਣੇ ਦਿੱਲੀ ਦੇ ਆਕਾਵਾਂ ਦੇ ਕਹਿਣ ’ਤੇ ਮਹਾਰਾਜਾ ਰਣਜੀਤ ਸਿੰਘ ਦੇ ਅਕਸ ਨੂੰ ਢਾਹ ਲਾਉਣ ਲਈ  ਜਾਣ ਬੁੱਝ ਕੇ ਸ਼ਰਾਰਤ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਬੈਂਸ ਆਮ ਆਦਮੀ ਪਾਰਟੀ ਦੇ ਰਾਜ ਦੀ ਆਪਣੀ ਮਨਮਰਜ਼ੀ ਮੁਤਾਬਕ ਜਿੰਨੀ ਸ਼ਲਾਘਾ ਕਰਨ ਪਰ ਉਹ ਮਹਾਨ ਰਾਜਾ ਦੇ ਧਰਮ ਨਿਰਪੱਖ ਤੇ ਯੁੱਗ ਬਣਾਉਣ ਵਾਲੇ ਰਾਜ ਦੀ ਤੁਲਨਾ ਭਗਵੰਤ ਮਾਨ ਦੇ ਭ੍ਰਿਸ਼ਟ, ਕਾਨੂੰਨ ਹੀਣਤਾ ਵਾਲੇ ਤੇ ਅਨੈਤਿਕ ਰਾਜ ਨਾਲ ਕਰ ਕੇ ਪੰਜਾਬੀਆਂ ਦਾ ਅਪਮਾਨ ਕਰ ਰਹੇ ਹਨ। ਡਾ. ਚੀਮਾ ਨੇ ਕਿਹਾ ਕਿ ਇਹ ਤੁਲਨਾ ਪੰਜਾਬ ਦੀ ਰਾਜਨੀਤੀ ਵਿਚ ਇਕ ਹੋਰ ਨਵੀਂ ਗਿਰਾਵਟ ਹੈ। ਉਹਨਾਂ ਕਿਹਾ ਕਿ ਅਜਿਹਾ ਕੋਈ ਪੱਧਰ ਨਹੀਂ ਹੈ ਜਿਸ ’ਤੇ ਆਮ ਆਦਮੀ ਪਾਰਟੀ ਡਿੱਗ ਸਕੇ ਤਾਂ ਜੋ ਆਪਣੀਆਂ ਅਸਫਲਤਾਵਾਂ  ਤੋਂ ਲੋਕਾਂ ਦਾ ਧਿਆਨ ਪਾਸੇ ਕਰ ਸਕੇ। ਉਹਨਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਨਾਲ ਤੁਲਨਾ ਭ੍ਰਿਸ਼ਟਾਚਾਰ, ਕਾਨੂੰਨ ‌ਵਿਵਸਥਾ ਢਹਿ ਢੇਰੀ ਹੋਣ, ਸਮਾਜ ਦੇ ਕਮਜ਼ੋਰ ਵਰਗਾਂ ਲਈ ਸਮਾਜ ਭਲਾਈ ਸਕੀਮਾਂ ਬੰਦ ਕਰਨ ਅਤੇ ਆਪ ਦੇ ਮੰਤਰੀਆਂ ਤੇ ਵਿਧਾਇਕਾਂ ਦੀਆਂ ਅਨੈਤਿਕ ਕਾਰਵਾਈਆਂ ’ਤੇ ਨਕੇਲ ਪਾਉਣ ਵਿਚ ਅਸਫਲ ਰਹਿਣ ਸਮੇਤ ਪੰਜਾਬ ਦੇ ਭੱਖਦੇ ਮਸਲਿਆਂ ਤੋਂ ਧਿਆਨ ਪਾਸੇ ਕਰਨ ਦੀ ਇਕ ਹੋਰ ਸਾਜ਼ਿਸ਼ ਹੈ। ਆਪ ਨੂੰ ਸ਼ੀਸ਼ਾ ਵਿਖਾਉਦਿਆਂ ਡਾ. ਚੀਮਾ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਕਦੇ ਵੀ ਆਪਣੇ ਗੁਆਂਢੀ ਰਾਜ ਦੇ ਰਾਜੇ ਨੂੰ ਉਹਨਾਂ ਦਾ ਰਾਜ ਭਾਗ ਚਲਾਉਣ ਵਾਸਤੇ ਨਹੀਂ ਕਿਹਾ ਸੀ। ਉਹਨਾਂ ਹਮੇਸ਼ਾ ਹਿੱਕ ਦੇ ਜ਼ੋਰ ’ਤੇ ਖਾਲਸਾ ਰਾਜ ਕਾਇਮ ਕੀਤਾ ਤੇ ਇਸਨੂੰ ਚਲਾਇਆ ਜਦੋਂ ਕਿ ਭਗਵੰਤ ਮਾਨ ਨੂੰ ਦਿੱਲੀ ਸਰਕਾਰ ਨਾਲ ਐਮ ਓ ਯੂ ’ਤੇ ਹਸਤਾਖ਼ਰ ਕਰ ਕੇ ਪੰਜਾਬ ਦੇ ਸ਼ਾਸਨ ਦੀ ਵਾਗਡੋਰ ਦਿੱਲੀ ਦੇ ਮੰਤਰੀਆਂ ਹਵਾਲੇ ਕਰਕੇ ਆਪਣੀ ਮਨਮਰਜ਼ੀ ਨਾਲ ਚਲਾਉਣ ਲਈ ਜਾਣਿਆ ਜਾਂਦਾ ਹੈ। ਉਹਨਾਂ ਕਿਹਾ ਕਿ ਇਹੀ ਨਹੀਂ ਜੋ ਧਰਤੀ ਕਦੇ ਪੰਜਾਬ ਦੀ ਸੀ, ਉਸ ’ਤੇ ਮੁੜ ਦਾਅਵਾ ਜਤਾਉਣ ਦੀ ਥਾਂ ਭਗਵੰਤ ਮਾਨ ਚੰਡੀਗੜ੍ਹ ’ਤੇ ਪੰਜਾਬ ਦੇ ਹੱਕ ਨੂੰ ਖਤਮ ਕਰਨ ਵਾਲੇ ਪਾਸੇ ਵੱਧ ਰਹੇ ਹਨ ਤੇ ਉਹਨਾਂ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਹਰਿਆਣਾ ਵੱਲੋਂ ਨਵੀਂ ਵਿਧਾਨ ਸਭਾ ਬਣਾਉਣ ਦੇ ਯਤਨਾਂ ਦਾ ਵਿਰੋਧ ਤੱਕ ਨਹੀਂ ਕੀਤਾ। ਡਾ. ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਹਲਫੀਆ ‌ਬਿਆਨ ਦਾਇਰ ਕਰ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਲਈ ਧਿਰ ਬਣਾ ਕੇ ਧਾਰਮਿਕ ਮੁਹਾਜ਼ ’ਤੇ ਵੀ ਕੁਤਾਹੀ ਕੀਤੀ ਹੈ। ਉਹਨਾਂ ਦੇ ਕਦਮ ਨਾਲ ਹਰਿਆਣਾ ਵਿਚ ਵੱਖਰੀ ਗੁਰਦੁਆਰਾ ਕਮੇਟੀ ਦੇ ਗਠਨ ਦਾ ਰਾਹ ਪੱਧਰਾ ਹੋਇਆ। ਡਾ. ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹੋਰ ਵੀ ਜਾਅਲੀ ਪਹਿਲਕਦਮੀਆਂ ਹਨ ਜਿਸ ਕਾਰਨ ਆਪ ਸ਼ਰਮਸ਼ਾਰ ਹੋ ਰਹੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਆਪਣੇ ਮੰਤਰੀਆਂ ਸਮੇਤ ਭ੍ਰਿਸ਼ਟਾਚਾਰੀਆਂ ਖਿਲਾਫ ਕਾਰਵਾਈ ਕਰਨ ਵਿਚ ਨਾਕਾਮ ਰਹੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਡਾ. ਵਿਜੇ ਸਿੰਗਲਾ ਨੂੰ ਬਰਖ਼ਾਸਤ ਕਰ ਕੇ ਉਹਨਾਂ ਖਿਲਾਫ ਕੋਈ ਕੇਸ ਦਰਜ ਨਹੀਂ ਕਰਵਾਇਆ। ਉਹਨਾਂ ਕਿਹਾ ਕਿ ਇਸੇ ਤਰੀਕੇ ਸਾਬਕਾ ਮੰਤਰੀ ਫੌਜਾ ਸਿੰਘ ਸਰਾਰੀ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਹਨਾਂ ’ਤੇ ਫਿਰੌਤੀ ਉਗਰਾਹੁਣ ਦੇ ਦੋਸ਼ ਹਨ ਤੇ ਸਬੂਤ ਪਹਿਲਾਂ ਹੀ ਜਨਤਕ ਹਨ। ਡਾ. ਚੀਮਾ ਨੇ ਇਹ ਵੀ ਦੱਸਿਆ ਕਿ ਕਿਵੇਂ ਮੁੱਖ ਮੰਤਰੀ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਦੀਆਂ ਅਨੈਤਿਕ ਗਤੀਵਿਧੀਆਂ ’ਤੇ ਪਰਦਾ ਪਾਉਂਦੇ ਆ ਰਹੇ ਹਨ ਜਦੋਂ ਕਿ ਮੰਤਰੀ ਨੇ ਇਕ ਦਲਿਤ ਨੌਜਵਾਨ ਦਾ ਜਿਣਸੀ ਸੋਸ਼ਣ ਕੀਤਾ ਅਤੇ ਇਸੇ ਤਰੀਕੇ ਉਹਨਾਂ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਦੇ ਪਰਿਵਾਰ ਖਿਲਾਫ ਵੀ ਕੋਈ ਕਾਰਵਾਈ ਨਹੀਂ ਕੀਤੀ ਜਦੋਂ ਕਿ ਪਰਿਵਾਰ ਜਿਸਮ ਫਰੋਸ਼ੀ ਦੇ ਧੰਦੇ ਵਿਚ ਸ਼ਾਮਲ ਪਾਇਆ ਗਿਆ।