ਨੌਜਵਾਨ ਪ੍ਰੀਤਪਾਲ ਸਿੰਘ ਨੂੰ ਰੋਹਤਕ ਦੇ ਪੀ.ਜੀ.ਆਈ. ਹਸਪਤਾਲ ਤੋਂ ਚੰਡੀਗੜ੍ਹ ਪੀ.ਜੀ.ਆਈ ਲਿਆਂਦਾ ਗਿਆ 

ਚੰਡੀਗੜ੍ਹ, 24 ਫਰਵਰੀ : ਨੌਜਵਾਨ ਪ੍ਰੀਤਪਾਲ ਸਿੰਘ ਨੂੰ ਰੋਹਤਕ ਦੇ ਪੀ.ਜੀ.ਆਈ. ਹਸਪਤਾਲ ਤੋਂ ਚੰਡੀਗੜ੍ਹ ਪੀ.ਜੀ.ਆਈ ਲਿਆਂਦਾ ਗਿਆ ਹੈ। ਹੁਣ ਪ੍ਰੀਤਪਾਲ ਸਿੰਘ ਦਾ ਚੰਡੀਗੜ੍ਹ ਪੀ.ਜੀ.ਆਈ ‘ਚ ਇਲਾਜ਼ ਚੱਲੇਗਾ। ਇਸ ਦੌਰਾਨ ਪ੍ਰੀਤਪਾਲ ਸਿੰਘ ਦੀ ਘਰਵਾਲੀ ਨੇ ਕਿਹਾ ਕਿਹਾ ਕਿ ਪ੍ਰੀਤਪਾਲ ਸਿੰਘ ਉਥੇ ਕਹਿੰਦੇ ਰਹੇ ਕਿ ਉਨ੍ਹਾਂ ਨੇ ਪੰਜਾਬ ਜਾਣਾ ਹੈ। ਉਨ੍ਹਾਂ ਦੱਸਿਆ ਕਿ ਚਿਹਰੇ ‘ਤੇ ਕਾਫ਼ੀ ਸੱਟਾਂ ਲੱਗੀਆਂ ਹਨ। ਉਨ੍ਹਾਂ ਦੀ ਘਰਵਾਲੀ ਨੇ ਦੱਸਿਆ ਕਿ ਅਜੇ ਉਹ ਗੱਲ ਨਹੀਂ ਕਰ ਸਕਦੇ, ਬਾਅਦ ‘ਚ ਪਤਾ ਚੱਲੇਗਾ ਕਿ ਸੱਟਾਂ ਕਿਵੇਂ ਲੱਗੀਆਂ ਹਨ। ਉਹਨਾਂ ਨੇ ਕਿਹਾ ਕਿ ਪ੍ਰਿਤਪਾਲ ਸਿੰਘ ਨੂੰ ਪੰਜਾਬ ਦੇ ਹਵਾਲੇ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ, ਤਾਂ ਜੋ ਪੰਜਾਬ ਸਰਕਾਰ ਵੱਲੋਂ ਉਸ ਦਾ ਇਲਾਜ ਪੰਜਾਬ ਵਿਚ ਮੁਫ਼ਤ ਕੀਤਾ ਜਾ ਸਕੇ। ਇਸ ਤੋਂ ਇਲਾਵਾ ਜੇਕਰ ਪੰਜਾਬ ਦਾ ਕੋਈ ਹੋਰ ਅੰਦੋਲਨਕਾਰੀ ਕਿਸਾਨ ਹਰਿਆਣਾ ਵਿਚ ਇਲਾਜ ਅਧੀਨ ਹੈ ਤਾਂ ਉਸ ਨੂੰ ਵੀ ਸਾਡੇ ਹਵਾਲੇ ਕੀਤਾ ਜਾਵੇ।  ਹਰਿਆਣਾ-ਪੰਜਾਬ ਦੀ ਖਨੌਰੀ ਸਰਹੱਦ ’ਤੇ ਚੱਲ ਰਹੇ ਕਿਸਾਨ ਧਰਨੇ ਦੌਰਾਨ ਜ਼ਖ਼ਮੀ ਹੋਏ ਪ੍ਰਿਤਪਾਲ ਦੇ ਪਿਤਾ ਦਵਿੰਦਰ ਸਿੰਘ ਨੇ ਦੱਸਿਆ ਸੀ ਕਿ ਉਸ ਦਾ ਪੁੱਤਰ ਇੱਕ ਕੋਚਿੰਗ ਅਕੈਡਮੀ ਵਿਚ ਅਧਿਆਪਕ ਵਜੋਂ ਕੰਮ ਕਰਦਾ ਹੈ, ਜੋ ਬੱਚਿਆਂ ਨੂੰ ਪੜ੍ਹਾਉਂਦਾ ਹੈ। ਬੁੱਧਵਾਰ ਨੂੰ ਪ੍ਰਿਤਪਾਲ ਆਪਣੇ ਸਾਲੇ (ਜੋ ਕਿ ਸਰਕਾਰੀ ਡਾਕਟਰ ਹੈ ਅਤੇ ਐਂਬੂਲੈਂਸ 'ਤੇ ਡਿਊਟੀ ਕਰਦਾ ਹੈ) ਨੂੰ ਕੱਪੜੇ ਦੇਣ ਲਈ ਖਨੌਰੀ ਸਰਹੱਦ 'ਤੇ ਗਿਆ ਸੀ। ਇਸ ਦੌਰਾਨ ਉਸ ਦੇ ਨੇੜੇ ਅੱਥਰੂ ਗੈਸ ਦਾ ਇੱਕ ਗੋਲਾ ਡਿੱਗਿਆ। ਜਿਸ ਕਾਰਨ ਉਸਨੂੰ ਦੇਖਣ ਵਿਚ ਵੀ ਦਿੱਕਤ ਆ ਰਹੀ ਸੀ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਪ੍ਰਿਤਪਾਲ 'ਤੇ ਲਾਠੀਚਾਰਜ ਸ਼ੁਰੂ ਕਰ ਦਿੱਤਾ। ਪੁਲਿਸ ਵਾਲੇ ਉਸ ਨੂੰ ਵੀ ਘੜੀਸ ਕੇ ਲੈ ਗਏ। ਦਵਿੰਦਰ ਸਿੰਘ ਨੇ ਦੱਸਿਆ ਕਿ ਜ਼ਖਮੀ ਪ੍ਰਿਤਪਾਲ ਨੂੰ ਇਲਾਜ ਲਈ ਜੀਂਦ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਜਿੱਥੋਂ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਰੋਹਤਕ ਪੀਜੀਆਈ ਰੈਫ਼ਰ ਕਰ ਦਿੱਤਾ। ਉਸ ਦੇ ਸਿਰ, ਲੱਤਾਂ ਅਤੇ ਬੁੱਲ੍ਹਾਂ 'ਤੇ ਵੀ ਸੱਟਾਂ ਲੱਗੀਆਂ ਹਨ। ਦੱਸ ਦਈਏ ਕਿ ਖਨੌਰੀ ਬਾਰਡਰ 'ਤੇ ਹਰਿਆਣਾ ਪੁਲਿਸ ਵੱਲੋਂ ਪ੍ਰਿਤਪਾਲ ਨੂੰ ਅਗਵਾ ਕਰਨ ਦਾ ਮਾਮਲਾ ਉਠਿਆ ਸੀ। ਜਿਸ ਨੂੰ ਲੈ ਕੇ ਹਰਿਆਣਾ ਪੁਲਿਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਜਿਸ ਵਿਚ ਲਿਖਿਆ ਹੈ ਕਿ ਹਰਿਆਣਾ ਪੁਲਿਸ ਨੇ ਖਨੌਰੀ ਸਰਹੱਦ 'ਤੇ ਪ੍ਰਿਤਪਾਲ ਪੁੱਤਰ ਦਵਿੰਦਰ ਸਿੰਘ ਵਾਸੀ ਪਿੰਡ ਨਵਾਂ ਪਿੰਡ ਜ਼ਿਲ੍ਹਾ ਸੰਗਰੂਰ ਨੂੰ ਅਗਵਾ ਕਰਨ ਦੀ ਝੂਠੀ ਖ਼ਬਰ ਦਾ ਖੰਡਨ ਕੀਤਾ ਹੈ। ਹਰਿਆਣਾ ਪੁਲਿਸ ਵੱਲੋਂ ਉਸ ਨੂੰ ਇਲਾਜ ਲਈ ਪੀਜੀਆਈ ਰੋਹਤਕ ਵਿਖੇ ਦਾਖਲ ਕਰਵਾਇਆ ਗਿਆ ਹੈ। ਉਹ ਪੂਰੀ ਤਰ੍ਹਾਂ ਖਤਰੇ ਤੋਂ ਬਾਹਰ ਹੈ। ਜਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਹਰਿਆਣਾ ਦੇ ਮੁੱਖ ਸਕੱਤਰ ਸੰਜੀਵ ਕੌਸ਼ਲ ਨੂੰ ਇਕ ਚਿੱਠੀ ਲਿਖ ਕੇ ਰੋਹਤਕ ਦੇ ਪੀ.ਜੀ.ਆਈ. ਹਸਪਤਾਲ ’ਚ ਦਾਖ਼ਲ ਪੰਜਾਬੀ ਨੌਜਵਾਨ ਪ੍ਰੀਤਪਾਲ ਸਿੰਘ ਨੂੰ ਪੰਜਾਬ ਦੇ ਹਵਾਲੇ ਕਰਨ ਦੀ ਅਪੀਲ ਕੀਤੀ ਗਈ ਸੀ । ਭੇਜੀ ਚਿੱਠੀ ‘ਚ ਲਿਖਿਆ ਗਿਆ ਹੈ ਕਿ ਪ੍ਰੀਤਪਾਲ ਸਿੰਘ ਦੇ ਸਹੀ ਅਤੇ ਮੁਫ਼ਤ ਇਲਾਜ ਲਈ ਉਸ ਨੂੰ ਪੰਜਾਬ ਦੇ ਹਵਾਲੇ ਕੀਤਾ ਜਾਵੇ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਕੋਈ ਹੋਰ ਵੀ ਪੰਜਾਬੀ ਨੌਜਵਾਨ ਹੈ ਤਾਂ ਉਸਨੂੰ ਵੀ ਪੰਜਾਬ ਦੇ ਹਵਾਲੇ ਕਰ ਦਿੱਤਾ ਜਾਵੇ।

ਪ੍ਰੀਤਪਾਲ ਸਿੰਘ ਦਾ ਪੀ ਜੀ ਆਈ ਚੰਡੀਗੜ੍ਹ ਵਿਚ ਇਲਾਜ ਹੋ ਰਿਹਾ ਹੈ।
ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਨਵਾਂ ਗਾਓਂ ਨਿਵਾਸੀ ਪ੍ਰੀਤਪਾਲ ਸਿੰਘ ਪੁੱਤਰ ਦਵਿੰਦਰ ਸਿੰਘ ਨੂੰ ਹਰਿਆਣਾ ਪੁਲਿਸ ਵੱਲੋਂ ਅਗਵਾ ਕਰ ਕੇ ਬੋਰੀ ਵਿਚ ਪਾ ਕੇ ਕੁੱਟਮਾਰੀ ਕਰਨ ਮਗਰੋਂ ਗੰਭੀਰ ਹਾਲਤ ਵਿਚ ਪੀ ਜੀ ਆਈ ਰੋਹਤਕ ਚੁੱਕਣ ਦਾ ਮਾਮਲਾ ਹਰਿਆਣਾ ਦੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿੱਜ ਕੋਲ ਚੁੱਕਣ ਮਗਰੋਂ ਹੁਣ ਪ੍ਰੀਤਪਾਲ ਸਿੰਘ ਨੂੰ ਪੀ ਜੀ ਆਈ ਰੋਹਤਕ ਤੋਂ ਪੀ ਜੀ ਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿਚ ਪ੍ਰੀਤਪਾਲ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਮਗਰੋਂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਹ ਅਕਾਲ ਪੁਰਖ਼ ਦਾ ਕੋਟਿ-ਕੋਟਿ ਸ਼ੁਕਰਾਨਾ ਕਰਦੇ ਹਨ ਜਿਹਨਾਂ ਨੇ ਪਰਿਵਾਰ ਤੇ ਸਾਡੇ ਸਾਰਿਆਂ ਦੀਆਂ ਅਰਦਾਸਾਂ ਸੁਣੀਆਂ ਤੇ ਹੁਣ ਪ੍ਰੀਤਪਾਲ ਸਿੰਘ ਦਾ ਪੀ ਜੀ ਆਈ ਚੰਡੀਗੜ੍ਹ ਵਿਚ ਇਲਾਜ ਹੋ ਰਿਹਾ ਹੈ। ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸਰਦਾਰ ਮਜੀਠੀਆ ਨੇ ਦੱਸਿਆ ਕਿ ਉਹਨਾਂ ਨੇ ਹਰਿਆਣਾ ਦੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿੱਜ ਨਾਲ ਇਸ ਮਾਮਲੇ ’ਤੇ ਗੱਲਬਾਤ ਕੀਤੀ ਸੀ  ਤੇ ਉਹਨਾਂ ਦੇ ਹੁਕਮਾਂ ਅਨੁਸਾਰ ਹੀ ਪ੍ਰੀਤਪਾਲ ਸਿੰਘ ਨੂੰ ਪੀ ਜੀ ਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਇਕ ਸਵਾਲ ਦੇ ਜਵਾਬ ਵਿਚ ਮਜੀਠੀਆ ਨੇ ਦੱਸਿਆ ਕਿ ਉਹਨਾਂ ਨੇ ਸ੍ਰੀ ਅਨਿਲ ਵਿੱਜ ਨਾਲ ਗੱਲਬਾਤ ਵਿਚ ਇਹ ਬੇਨਤੀ ਕੀਤੀ ਸੀ ਕਿ ਪ੍ਰੀਤਪਾਲ ਸਿੰਘ ਨੂੰ ਪੀ ਜੀ ਆਈ ਚੰਡੀਗੜ੍ਹ ਜਾਂ ਡੀ ਐਮ ਸੀ ਲੁਧਿਆਣਾ ਰੈਫਰ ਕੀਤਾ ਜਾਵੇ। ਇਸ  ਮਗਰੋਂ ਇਹ ਗੱਲ ਸਾਹਮਣੇ ਆਈ ਕਿ ਉਹ ਮਰੀਜ਼ ਨੂੰ ਡੀ ਐਮ ਸੀ ਲੁਧਿਆਣਾ ਨਹੀਂ ਭੇਜ ਸਕਦੇ, ਇਸ ਕਾਰਨ ਪੀ ਜੀ ਆਈ ਚੰਡੀਗੜ੍ਹ ਰੈਫਰ ਕਰਨ ਵਾਸਤੇ ਐਨ ਓ ਸੀ ਜਾਰੀ ਕੀਤੀ ਗਈ ਹੈ। ਇਕ ਹੋਰ ਸਵਾਲ ਦੇ ਜਵਾਬ ਵਿਚ ਸਰਦਾਰ ਮਜੀਠੀਆ ਨੇ ਕਿਹਾ ਕਿ ਇਹ ਮਾਮਲਾ ਅਸਲ ਵਿਚ ਪ੍ਰੀਤਪਾਲ ਸਿੰਘ ਦੇ ਇਲਾਜ ਦਾ ਸਵਾਲ ਹੈ ਤੇ ਇਸ ਵਿਚ ਕੋਈ ਕਰੈਡਿਟ ਵਾਰ ਸ਼ਾਮਲ ਨਹੀਂ ਹੈ। ਉਹਨਾਂ ਕਿਹਾ ਕਿ ਜਦੋਂ ਪੰਜਾਬ ਦੇ ਮੁੱਖ ਸਕੱਤਰ ਦਾ ਪੱਤਰ ਮਿਲਿਆ ਤਾਂ ਉਸ ਵੇਲੇ ਸ੍ਰੀ ਅਨਿਲ ਵਿੱਜ ਨੇ ਪ੍ਰੀਤਪਾਲ ਸਿੰਘ ਨੂੰ ਰੋਹਤਕ ਤੋਂ ਚੰਡੀਗੜ੍ਹ ਲਈ ਰਵਾਨਾ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਉਹ ਤਾਂ ਅਕਾਲ ਪੁਰਖ਼ ਦਾ ਸ਼ੁਕਰਾਨਾ ਅਦਾ ਕਰਦੇ ਹਨ ਕਿ ਉਸਦਾ ਸਹੀਇਲਾਜ ਹੋ ਜਾਵੇ ਅਤੇ ਇਹ ਕੋਈ ਕਰੈਡਿਟ ਵਾਰ ਨਹੀਂ ਹੈ। ਉਹਨਾਂ ਕਿਹਾ ਕਿ ਬੇਸ਼ੱਕ ਉਹਨਾਂ ਬਾਰੇ ਕੋਈ ਜੋ ਮਰਜ਼ੀ ਚੰਗਾ ਮਾੜਾ ਕਹੇ ਪਰ ਉਹ ਹਮੇਸ਼ਾ ਸੱਚ ਦਾ ਸਾਥ ਦੇਣਗੇ।

ਔਖੇ ਵੇਲੇ ਸਾਡੀ ਬਾਂਹ ਸਰਦਾਰ ਬਿਕਰਮ ਸਿੰਘ ਮਜੀਠੀਆ ਤੇ ਸ਼੍ਰੋਮਣੀ ਅਕਾਲੀ ਦਲ ਨੇ ਫੜੀ ਹੈ :  ਪਰਿਵਾਰ
ਪ੍ਰੀਤਪਾਲ ਸਿੰਘ ਦੇ ਪਿਤਾ ਦਵਿੰਦਰ ਸਿੰਘ ਤੇ ਉਸਦੇ ਸਹੁਰਾ ਸਾਹਿਬ, ਪਿੰਡ ਤੇ ਸਰਪੰਚ ਤੇ ਹੋਰ ਪਤਵੰਤਿਆਂ ਨੇ ਦੱਸਿਆ ਕਿ ਔਖੇ ਵੇਲੇ ਸਾਡੀ ਬਾਂਹ ਸਰਦਾਰ ਬਿਕਰਮ ਸਿੰਘ ਮਜੀਠੀਆ ਤੇ ਸ਼੍ਰੋਮਣੀ ਅਕਾਲੀ ਦਲ ਨੇ ਫੜੀ ਹੈ ਜਿਹਨਾਂ ਦੀ ਬਦੌਲਤ ਅੱਜ ਪ੍ਰੀਤਪਾਲ ਸਿੰਘ ਨੂੰ ਪੀ ਜੀ ਆਈ ਰੋਹਤਕ ਤੋਂ ਪੀ ਜੀ ਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ ਤੇ ਹੁਣ ਉਸਦਾ ਸਹੀ ਇਲਾਜ ਹੋ ਰਿਹਾ ਹੈ।