ਸਾਰੇ ਧਰਮਾਂ ਤੇ ਵਰਗਾਂ ਦੀ ਆਮ ਸਹਿਮਤੀ ਨਾਲ ਲਾਗੂ ਹੋਣਾ ਚਾਹੀਦਾ ਯੂਨੀਫਾਰਮ ਸਿਵਲ ਕੋਡ : ਸੁਖਦੇਵ ਢੀਂਡਸਾ

  • ਕੇਂਦਰ ਸਰਕਾਰ ਹਰੇਕ ਧਰਮ ਦੇ ਰੀਤੀ -ਰਿਵਾਜ਼ਾਂ ਦਾ ਪੂਰਾ ਧਿਆਨ ਰੱਖੇ : ਢੀਂਡਸਾ

ਚੰਡੀਗੜ੍ਹ, 30 ਜੂਨ : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੂੰ ਯੂਨੀਫਾਰਮ ਸਿਵਲ ਕੋਡ ਸਾਰੇ ਧਰਮਾਂ, ਵਰਗਾਂ ਅਤੇ ਸਮੁੱਚੀ ਸਿਆਸੀ ਪਾਰਟੀਆਂ ਦੇ ਨਮਾਂਇੰਦਿਆਂ ਨਾਲ ਵਿਆਪਕ ਵਿਚਾਰ ਵਿਟਾਂਦਰੇ ਤੋਂ ਬਾਅਦ ਆਮ ਸਹਿਮਤੀ ਨਾਲ ਲਾਗੂ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਚ ਬਹੁਤ ਸਾਰੇ ਧਰਮਾਂ ਦੇ ਲੋਕ ਵਸਦੇ ਹਨ ਅਜਿਹੇ ਵਿਚ ਉਨ੍ਹਾਂ ਦੀ ਸਹਿਤਮੀ ਤੋਂ ਬਿਨਾਂ ਕੇਂਦਰ ਸਰਕਾਰ ਨੂੰ ਯੂਨੀਫਾਰਮ ਸਿਵਲ ਕੋਡ ਲਾਗੂ ਨਹੀ ਕਰਨਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਵਿਚ ਸਾਰੇ ਧਰਮਾਂ ਦੇ ਰੀਤੀ -ਰਿਵਾਜ਼ਾਂ ਦਾ ਪੂਰਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ। ਢੀਂਡਸਾ ਨੇ ਕਿਹਾ ਕਿ ਜੇਕਰ ਯੂਨੀਫਾਰਮ ਸਿਵਲ ਕੋਡ ਬਿਨਾਂ ਹਰੇਕ ਵਰਗ ਦੀ ਸਹਿਤਮੀ ਤੋਂ ਲਾਗੂ ਕੀਤਾ ਜਾਂਦਾ ਹੈ ਤਾਂ ਇਹ ਦੇਸ਼ ਦੇ ਵਿਲੱਖਣ ਸਭਿਆਚਰ ਵਿਵਸਥਾ ਨੂੰ ਢਾਹ ਲਗਾਉਣ ਦਾ ਕੰਮ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਮਾਮਲਿਆਂ ਅਤੇ ਹੋਰ ਮੁੱਦਿਆਂ ਲਈ ਵੱਖ- ਵੱਖ ਧਰਮਾਂ ਵਿਚ ਨਿਯਮ ਹਨ ਅਤੇ ਕੇਂਦਰ ਸਰਕਾਰ ਨੂੰ ਉਸ ਸਬੰਧੀ ਬੁਨਿਆਦੀ ਸਵਾਲਾਂ ਦੇ ਜਵਾਬ ਯੂਨੀਫਾਰਮ ਸਿਵਲ ਕੋਡ ਲਾਗੂ ਕਰਨ ਤੋਂ ਪਹਿਲਾਂ ਦੇਸ਼ ਦੇ ਨਾਗਰਿਕਾਂ ਨੂੰ ਦੱਸਣੇ ਚਾਹੀਦੇ ਹਨ।