ਲੁਧਿਆਣਾ ਵਿੱਚ ਸਰਕਾਰੀ ਸਕੂਲ ਦੀ ਛੱਤ ਡਿੱਗਣ ਕਾਰਨ ਵਾਪਰੇ ਦੁਖਦਾਈ ਹਾਦਸੇ ਦੀ ਉੱਚ ਪੱਧਰੀ ਜਾਂਚ ਹੋਵੇ: ਸੁਖਦੇਵ ਢੀਂਡਸਾ

  • ਢੀਂਡਸਾ ਵਲੋ ਮ੍ਰਿਤਕ ਤੇ ਜ਼ਖਮੀ ਅਧਿਆਪਕਾਂ ਨੂੰ ਉਚਿਤ ਮੁਆਵਜ਼ਾ ਦੇਣ ਦੀ ਮੰਗ

ਚੰਡੀਗੜ੍ਹ, 23 ਅਗਸਤ : ਸ਼੍ਰੋਮਣੀ ਅਕਾਲੀ ਦਲ (ਸੰਯੁਕਤ ) ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਲੁਧਿਆਣਾ ਦੇ ਮੁੱਲਾਪੁਰ ਦਾਖਾ ਦੇ ਸਰਕਾਰੀ ਸਕੂਲ ਵਿੱਚ ਛੱਤ ਡਿੱਗਣ ਕਾਰਨ ਇਕ ਅਧਿਆਪਕ ਦੀ ਹੋਈ ਮੌਤ ਅਤੇ ਤਿੰਨ ਅਧਿਆਪਕਾਂ ਦੇ ਗੰਭੀਰ ਜ਼ਖਮੀ ਹੋਣ ਦੇ ਵਾਪਰੇ ਦਰਦਨਾਕ ਹਾਦਸੇ ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਮਾਨ ਸਰਕਾਰ ਨੂੰ ਘਟਨਾ ਦੀ ਉੱਚ ਪੱਧਰੀ ਜਾਂਚ ਕਰਵਾਉਣ ਤੋਂ ਇਲਾਵਾ ਮ੍ਰਿਤਕ ਅਤੇ ਗੰਭੀਰ ਜ਼ਖਮੀ ਹੋਏ ਅਧਿਆਪਕਾਂ ਨੂੰ ਉਚਿਤ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਸਕੂਲ ਪਹਿਲਾਂ ਤੋ ਹੀ ਕਾਫੀ ਖਸਤਾ ਹਾਲਤ ਵਿੱਚ ਹੈ। ਜਿੱਥੇ ਮੁਰਮਤ ਦਾ ਕੰਮ ਚੱਲ ਰਿਹਾ ਸੀ। ਢੀਂਡਸਾ ਨੇ ਕਿਹਾ ਕਿ ਸਕੂਲ ਵਿਚ  ਬੱਚੇ ਵੀ ਮੌਜੂਦ ਸਨ ਪਰ ਗਨੀਮਤ ਰਹੀ ਕਿ ਹਾਦਸੇ ਦੀ ਸਮੇਂ ਉਹ ਨਜ਼ਦੀਕ ਨਹੀ ਸਨ ਵਰਨਾ ਵੱਡਾ ਹਾਦਸਾ ਵਾਪਰ ਸਕਦਾ ਸੀ। ਢੀਂਡਸਾ ਨੇ ਮਾਨ ਸਰਕਾਰ ਨੂੰ ਮੰਗ ਕੀਤੀ ਕਿ ਮੀਂਹ ਦੇ ਮੌਸਮ ਵਿਚ ਸਕੂਲਾਂ ਅਤੇ ਹੋਰ ਸਰਕਾਰੀ ਇਮਾਰਤਾਂ ਦੀ ਪੂਰੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਖਸਤਾ ਹਾਲਤ ਸਰਕਾਰੀ ਇਮਾਰਤਾਂ ਦੀ ਪੂਰੀ ਤਰਾ ਮੁਰੰਮਤ ਕਰਵਾਉਣ ਤੋਂ ਬਾਅਦ ਹੀ ਇਸ ਨੂੰ ਲੋਕਾਂ ਲਈ ਖੁੱਲਣਾ ਚਾਹੀਦਾ ਹੈ ਤਾਂ ਜ਼ੋ ਅਜਿਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ।