ਜਿਸ ਕਮੇਟੀ ਵਿੱਚ ਸੁਖਬੀਰ ਸਿੰਘ ਬਾਦਲ ਦਾ ਨਾਮ ਸ਼ਾਮਲ ਹੋਵੇਗਾ, ਉਸ ਕਮੇਟੀ ਵਿੱਚ ਸੁਖਦੇਵ ਸਿੰਘ ਢੀਂਡਸਾ ਕਦੇ ਵੀ ਸ਼ਾਮਲ ਨਹੀਂ ਹੋ ਸਕਦੇ : ਸੋਢੀ

ਚੰਡੀਗੜ੍ਹ : ਅੱਜ ਸੀਨੀਅਰ ਆਗੂ ਜਗਮੀਤ ਸਿੰਘ ਬਰਾੜ ਵੱਲੋਂ ਜਾਰੀ ਕੀਤੀ ਗਈ 21 ਮੈਂਬਰੀ ਸ਼੍ਰੋਮਣੀ ਅਕਾਲੀ ਯੂਨਿਟੀ ਕੋਆਰਡੀਨੇਸ਼ਨ ਕਮੇਟੀ ਲਿਸਟ ਵਿੱਚ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੇ ਨਾਮ ਦਾ ਵਿਰੋਧ ਕਰਦਿਆਂ ਸ. ਢੀਂਡਸਾਂ ਦੇ ਸਿਆਸੀ ਸਲਾਹਕਾਰ ਅਤੇ ਪਾਰਟੀ ਦੇ ਬੁਲਾਰੇ ਦਵਿੰਦਰ ਸਿੰਘ ਸੋਢੀ ਨੇ ਕਿਹਾ ਕਿ ਜਿਸ ਕਮੇਟੀ ਵਿੱਚ ਸੁਖਬੀਰ ਸਿੰਘ ਬਾਦਲ ਦਾ ਨਾਮ ਸ਼ਾਮਲ ਹੋਵੇਗਾ, ਉਸ ਕਮੇਟੀ ਵਿੱਚ ਸੁਖਦੇਵ ਸਿੰਘ ਢੀਂਡਸਾ ਕਦੇ ਵੀ ਸ਼ਾਮਲ ਨਹੀਂ ਹੋ ਸਕਦੇ। ਬੁਲਾਰੇ ਸੋਢੀ ਨੇ ਜਗਮੀਤ ਸਿੰਘ ਬਰਾੜ ਵੱਲੋਂ ਕਮੇਟੀ ਵਿੱਚ ਪ੍ਰਧਾਨ ਢੀਂਡਸਾ ਦਾ ਨਾਮ ਸ਼ਾਮਲ ਕਰਨ ਦੇ ਐਲਾਨ ਨੂੰ ਬੇਬੁਨਿਆਦ ਦੱਸਿਆ ਕਿਹਾ ਕਿ ਇਸ ਕਮੇਟੀ ਦੇ ਗਠਨ ਬਾਰੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨਾਲ ਕੋਈ ਤਾਲਮੇਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਹੁਣ ਸੁਖਦੇਵ ਸਿੰਘ ਢੀਂਡਸਾ ਦੇ ਵਾਪਸ ਮੁੜ ਆਉਣ ਦੇ ਸੁਪਨੇ ਦੇਖਦੇ ਬੰਦ ਕਰ ਦੇਣ, ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਹੁਣ ਦੁਬਾਰਾ ਸੱਤਾ ਵਿੱਚ ਆਉਣ ਦੇ ਸੁਪਨੇ ਦੇਖ ਰਿਹਾ ਹੈ, ਪਰ ਇਹ ਸਿਰਫ ਸੁਪਨੇ ਨੇ ਰਹਿ ਜਾਣੇ ਹਨ। ਦਵਿੰਦਰ ਸਿੰਘ ਸੋਢੀ ਨੇ ਕਿਹਾ ਕਿ ਉਨ੍ਹਾਂ ਨੇ ਅਕਾਲੀ ਦਲ ਦੇ ਅਸਲ ਸਿਧਾਂਤਾਂ ਤੇ ਪਹਿਰਾ ਦਿੱਤਾ ਹੈ ਅਤੇ ਦਿੰਦੇ ਵੀ ਰਹਿਣਗੇ। ਉਨ੍ਹਾਂ ਇਹ ਵੀ ਕਿਹਾ ਕਿ ਉਹ ਆਖ਼ਰੀ ਦਮ ਤੱਕ ਬਾਦਲ ਪਰਿਵਾਰ ਨਾਲ ਸਮਝੌਤਾ ਨਹੀਂ ਕਰਨਗੇ। ਸ਼੍ਰੋਮਣੀ ਅਕਾਲੀ ਦਲ ਦਾ ਅੱਜ ਜੋ ਹਾਲ ਹੈ, ਉਹ ਸਭ ਸੁਖਬੀਰ ਸਿੰਘ ਬਾਦਲ ਦੇ ਕਾਰਨ ਹੈ।