ਸੁਖਬੀਰ ਸਿੰਘ ਬਾਦਲ ਨੇ ’ਦਸਤਾਰ’ ਦੀ ਬੇਅਦਬੀ ਕਰਨ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਨਾ ਕਰਨ ਦੀ ਕੀਤੀ ਨਿਖੇਧੀ

  • ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਵੱਲੋਂ ਸਿੱਖ ਨੌਜਵਾਨ ਦੀ ’ਦਸਤਾਰ’ ਦੀ ਬੇਅਦਬੀ ਕਰਨ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਨਾ ਕਰਨ ਦੀ ਕੀਤੀ ਨਿਖੇਧੀ ਜਿਸ ਕਾਰਨ ਦੋ ਭਰਾਵਾਂ ਨੇ ਬਿਆਸ ਦਰਿਆ ਵਿਚ ਛਾਲ ਮਾਰੀ

ਚੰਡੀਗੜ੍ਹ, 25 ਅਗਸਤ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਕ ਸਿੱਖ ਨੌਜਵਾਨ ਦੀ ’ਦਸਤਾਰ’ ਦੀ ਬੇਪਤੀ ਕਰਨ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਨਾ ਕਰਨ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਇਸ ਕਾਰਨ ਦੋ ਭਰਾਵਾਂ ਨੇ ਮਜਬੂਰ ਹੋ ਕੇ 17 ਅਗਸਤ ਨੂੰ ਬਿਆਸ ਦਰਿਆ ਵਿਚ ਛਾਲ ਮਾਰ ਦਿੱਤੀ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਬਹੁਤ ਹੀ  ਸ਼ਰਮ ਵਾਲੀ ਗੱਲ ਹੈ ਕਿ ਦੋਵੇਂ ਸਿੱਖ ਨੌਜਵਾਨਾਂ ਦੇ ਪਿਤਾ ਵੱਲੋਂ ਵਾਰ-ਵਾਰ ਅਪੀਲ ਕਰਨ ’ਤੇ ਵੀ ਮੁੱਖ ਮੰਤਰੀ ਨੇ ਇਕ ਹਫਤਾ ਲੰਘਣ ਮਗਰੋਂ ਵੀ ਕੋਈ ਕਾਰਵਾਈ ਨਹੀਂ ਕੀਤੀ। ਉਹਨਾਂ ਕਿਹਾ ਕਿ ਆਪ ਸਰਕਾਰ ਤੇ ਇਸਦੇ ਮੁੱਖ ਮੰਤਰੀ ਦੋ ਨੌਜਵਾਨਾਂ ਜਤਿੰਦਰਪਾਲ ਸਿੰਘ ਢਿੱਲੋਂ ਤੇ ਮਾਨਵਜੀਤ ਸਿੰਘ ਢਿੱਲੋਂ ਦੇ ਮਾਮਲੇ ਵਿਚ ਫੈਸਲਾਕੁੰਨ ਕਾਰਵਾਈ ਕਰਨ ਵਿਚ ਨਾਕਾਮ ਰਹੇ ਹਨ। ਸੁਖਬੀਰ ਸਿੰਘ ਬਾਦਲ ਨੇ ਢਿੱਲੋਂ ਪਰਿਵਾਰ ਲਈ ਨਿਆਂ ਦੀ ਮੰਗ ਕਰਦਿਆਂ ਕਿਹਾ ਕਿ ਉਹਨਾਂ ਸਾਰੇ ਪੁਲਿਸ ਅਧਿਕਾਰੀਆਂ ਖਿਲਾਫ ਧਾਰਾ 306 ਆਈ ਪੀ ਸੀ ਤਹਿਤ ਕੇਸ ਦਰਜ ਹੋਣਾ ਚਾਹੀਦਾ ਹੈ ਜਿਹਨਾਂ ਨੇ ਜਤਿੰਦਰਪਾਲ ਦੀ ਕੁੱਟਮਾਰ ਕੀਤੀ ਤੇ ਉਸਨੂੰ ਆਪਣੀ ਪੱਗ ਲਾਹੁਣ ਵਾਸਤੇ ਮਜਬੂਰ ਕੀਤਾ। ਇਹਨਾ ਖਿਲਾਫ ਧਾਰਾ 295 ਤਹਿਤ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜਿਹੜੇ ਪੁਲਿਸ ਅਧਿਕਾਰੀਆਂ ਨੇ ਇਸ ਸਾਰੀ ਕਾਰਵਾਈ ਦੀ ਨਿਗਰਾਨੀ ਕੀਤੀ, ਉਹਨਾਂ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਦੋਵਾਂ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਲੱਭਣ ਵਾਸਤੇ ਸਿਰਤੋੜ ਯਤਨ ਹੋਣੇ ਚਾਹੀਦੇ ਹਨ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਢਿੱਲੋਂ ਪਰਿਵਾਰ ਨਾਲ ਕੀਤਆ ਗਿਆ ਅਨਿਆਂ ਆਪ ਸਰਕਾਰ ਦੇ ਰਾਜ ਵਿਚ ਪ੍ਰਸ਼ਾਸਨ ਨੂੰ ਹੋਏ ਲਕਵੇ ਦਾ ਸਬੂਤਹੈ।  ਉਹਨਾਂ ਕਿਹਾਕਿ  ਕਾਨੂੰਨ ‌ਵਿਵਸਥਾ ਇਸ ਪੱਧਰ ’ਤੇ ਡਿੱਗ ਚੁੱਕੀ ਹੈ ਕਿ ਸੂਬੇ ਵਿਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ। ਉਹਨਾਂ ਕਿਹਾ ਕਿ ਪੁਲਿਸ ਮਹਿਕਮੇ ਦੇ ਕੰਮਕਾਜ ’ਤੇ ਕੋਈ ਲਗਾਮ ਨਹੀਂ ਹੈ ਤੇ ਆਮ ਆਦਮੀ ਨੂੰ ਨਿਆਂ ਨਹੀਂ ਮਿਲਦਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਇਸ ਸਭ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ ਕਿਉਂਕਿ ਗ੍ਰਹਿ ਵਿਭਾਗ ਉਹਨਾਂ ਕੋਲ ਹੈ।