ਸੁਖਬੀਰ ਬਾਦਲ ਨੇ ਖੇਤਰੀ ਪਾਰਟੀਆਂ ਨੂੰ ਇਕ ਸਾਂਝੇ ਮੰਚ ’ਤੇ ਇਕਜੁੱਟ ਹੋਣ ਦੀ ਕੀਤੀ ਅਪੀਲ ਤਾਂ ਜੋ ਅਗਲੀ ਸਰਕਾਰ ਬਣਾਈ ਜਾ ਸਕੇ

  • ਚੌਧਰੀ ਦੇਵੀ ਲਾਲ ਨੂੰ ਉਹਨਾਂ ਦੇ 110ਵੇਂ ਜਨਮ ਦਿਹਾੜੇ ’ਤੇ ਦਿੱਤੀ ਸ਼ਰਧਾਂਜਲੀ

ਚੰਡੀਗੜ੍ਹ, 25 ਸਤੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਸਿਰਫ ਖੇਤਰੀ ਪਾਰਟੀਆਂ ਹੀ ਦੇਸ਼ ਵਿਚ ਸ਼ਾਂਤੀ ਤੇ ਤਰੱਕੀ ਲਿਆ ਸਕਦੀਆਂ ਹਨ ਤੇ ਉਹਨਾਂ ਨੇ ਸਾਰੀਆਂ ਖੇਤਰੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ‌ਇਕ ਸਾਂਝੇ ਮੰਚ ’ਤੇ ਇਕਜੁੱਟ ਹੋਣ ਤਾਂ ਜੋ ਦੇਸ਼ ਵਿਚ ਅਗਲੀ ਸਰਕਾਰ ਬਣਾਈ ਜਾ ਸਕੇ। ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਨੇ ਚੌਧਰੀ ਦੇਵੀ ਲਾਲ ਦੇ 110ਵੇਂ ਜਨਮ ਦਿਹਾੜੇ ’ਤੇ ਇੰਡੀਅਨ ਨੈਸ਼ਨਲ ਲੋਕ ਦਲ ਵੱਲੋਂ ਆਯੋਜਿਤ ਵਿਸ਼ਾਲ ਰੈਲੀ ਨੂੰ ਸੰਬੋਧਨ ਕੀਤਾ, ਨੇ ਕਿਹਾ ਕਿ ਖੇਤਰੀ ਪਾਰਟੀਆਂ ਹੀ ਆਪੋ ਆਪਣੇ ਖੇਤਰਾਂ ਵਾਸਤੇ ਸਭ ਤੋਂ ਵੱਧ ਕਰ ਸਕਦੀਆਂ ਹਨ। ਉਹਨਾਂ ਕਿਹਾ ਕਿ ਅਸੀਂ ਵੇਖਿਆ ਹੈ ਕਿ ਜਿਥੇ ਜਿਥੇ ਵੀ ਖੇਤਰੀ ਪਾਰਟੀਆਂ ਜਿਵੇਂ ਕਿ ਅਕਾਲੀ ਦਲ, ਇਨੈਲੋ ਤੇ ਨੈਸ਼ਨਲ ਕਾਨਫਰੰਸ ਆਦਿ ਨੇ ਸਿਆਸਤ ਵਿਚ ਮੁੱਖ ਭੂਮਿਕਾ ਨਿਭਾਈ, ਉਥੇ ਤੇਜ਼ ਰਫਤਾਰ ਤਰੱਕੀ ਹੋਈ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਮ ਆਦਮੀ ਪਾਰਟੀ ਵਰਗੀਆਂ ਨਵੀਂਆਂ ਬਣੀਆਂ ਪਾਰਟੀਆਂ ’ਤੇ ਵਿਸ਼ਵਾਸ ਨਾ ਕਰਨ ਤੇ ਕਿਹਾ ਕਿ ਇਹਨਾਂ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ ਤੇ ਸੂਬੇ ਨੂੰ ਕਰਜ਼ੇ ਦੇ ਜਾਅਲ ਵਿਚ ਫਸਾ ਦਿੱਤਾ ਹੈ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਖੇਤਰੀ ਪਾਰਟੀਆਂ ਨੂੰ ਕਮਜ਼ੋਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅੱਜ ਕੁਝ ਪਾਰਟੀਆਂ ਵੋਟਾਂ ਦੇ ਧਰੁਵੀਕਰਨ ਵਾਸਤੇ ਫਿਰਕੂ ਤਣਾਅ ਪੈਦਾ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਮਣੀਪੁਰ ਤੇ ਨੂਹ ਵਿਚ ਕੀ ਹੋਇਆ, ਉਹ ਸਭਨੇ ਵੇਖਿਆ। ਉਹਨਾਂ ਕਿਹਾ ਕਿ ਭਾਰਤ ਇਸ ਤਰੀਕੇ ਤਰੱਕੀ ਨਹੀਂ ਕਰ ਸਕਦਾ। ਉਹਨਾਂ ਕਿਹਾ ਕਿ ਦੇਸ਼ ਵਿਚ ਘੱਟ ਗਿਣਤੀਆਂ ਨੂੰ ਸੁਰੱਖਿਅਤ ਮਹਿਸੂਸ ਕਰਵਾਉਣ ਦੀ ਜ਼ਰੂਰਤ ਹੈ। ਚੌਧਰੀ ਦੇਵੀ ਲਾਲ ਦੀ ਵਿਰਾਸਤ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਉਹ ਇਕ ਵੱਡੇ ਕਿਸਾਨ ਆਗੂ ਸਨ ਜਿਹਨਾਂ ਨੇ ਹਰਿਆਣਾ ਵਿਚ ਕਿਸਾਨਾਂ ਵਾਸਤੇ ਕਰਜ਼ਾ ਮੁਆਫੀ ਸਕੀਮ ਸ਼ੁਰੂ ਕੀਤੀ ਤੇ ਸੂਬੇ ਵਿਚ ਬੁਢਾਪਾ ਪੈਨਸ਼ਨ ਸ਼ੁਰੂ ਕੀਤੀ। ਉਹਨਾਂ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਚੌਧਰੀ ਚਰਨ ਸਿੰਘ ਨੇ ਵੱਡੇ ਆਗੂਆਂ ਨਾਲ ਰਲ ਕੇ ਦੇਸ਼ ਦੇ ਕਿਸਾਨਾਂ ਤੇ ਕਮਜ਼ੋਰ ਵਰਗਾਂ ਦੀ ਹਾਲਾਤ ਸੁਧਾਰਨ ਵਾਸਤੇ ਜ਼ਿੰਮੇਵਾਰੀ ਨਿਭਾਈ। ਇਹ ਆਗੂ ਪਿੰਡਾਂ ਵਿਚ ਰਹਿਣ ਵਾਲੇ ਸਨ ਜਿਹਨਾਂ ਨੂੰ ਉਹ ਆਪਣਾ ਪਰਿਵਾਰ ਮੰਨਦੇ ਸਨ। ਉਹਨਾਂ ਕਿਹਾ ਕਿ ਇਸੇ ਕਾਰਨ ਦੇਸ਼ ਭਰ ਵਿਚ ਉਹਨਾਂ ਦਾ ਸਨਮਾਨ ਕੀਤਾ ਜਾਂਦਾ ਹੈ। ਸਰਦਾਰ ਬਾਦਲ ਨੇ ਆਪਣੇ ਪਿਤਾ ਵਰਗੀ ਸ਼ਖਸੀਅਤ ਚੌਧਰੀ ਓਮ ਪ੍ਰਕਾਸ਼ ਚੌਟਾਲਾ ਤੇ ਅਭੈ ਸਿੰਘ ਚੌਟਾਲਾ ਨੂੰ ਵੀ ਚੌਧਰੀ ਦੇਵੀ ਲਾਲ ਦੀ ਯਾਦ ਵਿਚ ਇੰਨੀ ਵਿਸ਼ਾਲ ਰੈਲੀ ਸਨਮਾਨ ਦਿਵਸ ਦੇ ਰੂਪ ਵਿਚ ਆਯੋਜਿਤ ਕਰਨ ਦੀ ਵਧਾਈ ਦਿੱਤੀ। ਇਸ ਮੌਕੇ ਸੀਨੀਅਰ ਆਗੂ ਸਰਦਾਰ ਬਲਵਿੰਦਰ ਸਿੰਘ ਭੂੰਦੜ ਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੀ ਹਾਜ਼ਰ ਸਨ।