ਕਿਸਾਨ ਆਗੂ ਡੱਲੇਵਾਲ ਵੱਲੋਂ ਕੀਤਾ ਜਾ ਰਿਹਾ ਸੰਘਰਸ਼ ਬੇਵਜ੍ਹਾ ਤੇ ਲੋਕਾਂ ਨੂੰ ਪ੍ਰੇਸ਼ਾਨ ਕਰਨ ਵਾਲਾ ਹੈ : ਰੁਲਦੂ ਸਿੰਘ ਮਾਨਸਾ

ਚੰਡੀਗੜ੍ਹ : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਮਰਨ ਵਰਤ 'ਤੇ ਬੈਠੇ ਹੋਏ ਹਨ ਤੇ ਅੱਜ ਉਹਨਾਂ ਦੇ ਮਰਨ ਵਰਤ ਦਾ 6ਵਾਂ ਦਿਨ ਹੈ। ਇਸ ਦੇ ਨਾਲ ਹੀ ਜਿਹੜੀਆਂ ਕਿਸਾਨ ਜਥੇਬੰਦੀਆਂ ਕਿਸਾਨ ਅੰਦੋਲਨ ਵੇਲੇ ਇਕ-ਦੂਜੇ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀਆ ਸਨ ਉਹ ਹੁਣ ਦੋਫਾੜ ਹੁੰਦੀਆ ਨਜ਼ਰ ਆ ਰਹੀਆਂ ਹਨ ਕਿਉਂਕਿ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਖ਼ਿਲਾਫ਼ ਬਿਆਨਬਾਜ਼ੀ ਕੀਤੀ ਹੈ। ਰੁਲਦੂ ਸਿੰਘ ਮਾਨਸਾ ਨੇ ਕਿਹਾ ਡੱਲੇਵਾਲ਼ ਨੂੰ ਮਰਨ ਵਰਤ 'ਤੇ ਨਹੀਂ ਬੈਠਣਾ ਚਾਹੀਦਾ ਸੀ ਇਹ ਮੂਰਖ ਭਰਿਆ ਕਦਮ ਹੈ। ਰੁਲਦੂ ਸਿੰਘ ਮਾਨਸਾ ਨੇ ਚੰਡੀਗੜ੍ਹ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਵੱਲੋਂ ਕੀਤਾ ਜਾ ਰਿਹਾ ਸੰਘਰਸ਼ ਬੇਵਜ੍ਹਾ ਪੰਜਾਬ ਦੇ ਹੀ ਲੋਕਾਂ ਨੂੰ ਪ੍ਰੇਸ਼ਾਨ ਕਰਨ ਵਾਲਾ ਹੈ। ਸਰਕਾਰ ਦੇ ਖਿਲਾਫ਼ ਜੇਕਰ ਸੰਘਰਸ਼ ਕਰਨਾ ਹੈ ਤਾਂ ਸਰਕਾਰ ਨੂੰ ਘੇਰਨ ਲਈ ਚੰਡੀਗੜ੍ਹ ਦੇ ਰਸਤੇ ਨੂੰ ਰੋਕ ਲੈਂਦੇ ਤਾਂ ਠੀਕ ਸੀ ਪਰ ਪੰਜਾਬ ਦੇ ਲੋਕਾਂ ਨੇ ਕਿਸਾਨਾਂ ਦਾ ਕੀ ਵਿਗਾੜਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੇ ਸਮੇਂ ਤੋਂ ਹੀ ਡੱਲੇਵਾਲ ਭਾਜਪਾ ਦੇ ਇਸ਼ਾਰਿਆਂ ’ਤੇ ਕੰਮ ਕਰ ਰਹੇ ਹਨ।ਇਸ ਦੇ ਨਾਲ ਹੀ ਦੱਸ ਦਈਏ ਕਿ ਜਗਜੀਤ ਸਿੰਘ ਡੱਲੇਵਾਲ ਨੇ ਵੀ ਫਰੀਦਕੋਟ ਵਿਚ ਧਰਨੇ ਵਾਲੀ ਜਗ੍ਹਾ 'ਤੇ ਮੀਡੀਆ ਨਾਲ ਗੱਲ ਕਰਦਿਆਂ ਰੁਲਦੂ ਸਿੰਘ ਮਾਨਸਾ ’ਤੇ ਦੋਸ਼ ਲਾਇਆ ਹੈ ਕਿ ਕਿਸਾਨਾਂ ਦੀਆਂ ਮੰਗਾਂ ’ਤੇ ਸਮਰਥਨ ਦੇਣ ਦੀ ਬਜਾਏ, ਰੁਲਦੂ ਸਿੰਘ ਮਾਨਸਾ ਪੰਜਾਬ ਸਰਕਾਰ ਦੇ ਹੱਕ ਵਿਚ ਖੜ੍ਹੇ ਹੋ ਰਹੇ ਹਨ। ਜਿਨ੍ਹਾਂ ਮੰਗਾਂ ਨੂੰ ਲੈ ਕੇ ਉਨ੍ਹਾਂ ਨੇ ਧਰਨਾ ਲਗਾਇਆ ਹੈ, ਉਨ੍ਹਾਂ ਵਿਚੋਂ ਕਿਹੜੀਆਂ ਮੰਗਾਂ ਅਜਿਹੀਆਂ ਹਨ, ਜੋ ਬੇਵਜ੍ਹਾ ਹਨ ਤੇ ਕਿਸਾਨਾਂ ਦੇ ਵਿਰੁੱਧ ਹਨ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਨੂੰ ਵੀ ਇਨ੍ਹਾਂ ਵਰਗੇ ਲੋਕਾਂ ਨੇ ਰਾਜਨੀਤਕ ਲਾਭ ਲਈ ਤੋੜਿਆ ਤੇ ਹੁਣ ਗੈਰ-ਰਾਜਨੀਤਕ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਨੂੰ ਪੰਜਾਬ ਸਰਕਾਰ ਦੇ ਇਸ਼ਾਰੇ ’ਤੇ ਬੋਲ ਰਹੇ ਹਨ।