ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਵੰਬਰ ਤੋਂ ਦਸੰਬਰ ਹੋਣ ਦੀ ਉਮੀਦ 

ਚੰਡੀਗੜ੍ਹ, 14 ਜੂਨ  2024 : ਇਸ ਸਾਲ ਨਵੰਬਰ ਤੋਂ ਦਸੰਬਰ ਵਿਚਕਾਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਿੱਖ ਵੋਟਰਾਂ ਦੇ ਫ਼ਾਰਮ ਭਰਨ ਦਾ ਸਿਲਸਿਲਾ ਜੋ ਲੋਕ ਸਭਾ ਚੋਣਾਂ ਕਾਰਨ ਬੰਦ ਹੋ ਗਿਆ ਸੀ, ਉਹ ਢਾਈ ਮਹੀਨੇ ਬਾਅਦ ਫਿਰ ਸ਼ੁਰੂ ਕੀਤਾ ਜਾ ਰਿਹਾ ਹੈ। ਸੀਨੀਅਰ ਅਧਿਕਾਰੀ ਨੇ ਇਕ ਮੀਡਿਆ ਅਦਾਰੇ ਨਾਲ ਗੱਲਬਾਤ ਕਰਦਿਆਂ ਇਹ ਦੱਸਿਆ ਹੈ ਕਿ ਵੋਟਰ ਫ਼ਾਰਮ ਭਰਨ ਦੀ ਆਖ਼ਰੀ ਤਰੀਕ 31 ਜੁਲਾਈ ਤਕ ਵਧਾ ਦਿਤੀ ਹੈ। ਇਸਤੋਂ ਬਾਅਦ ਅਗਸਤ ਤੇ ਸਤੰਬਰ ਵਿਚ ਵੋਟਰ ਲਿਸਟਾਂ ਤਿਆਰ ਕਰ ਕੇ ਜ਼ਿਲ੍ਹਾ ਤਹਿਸੀਲ ਬਲਾਕ ਅਤੇ ਹੋਰ ਮਹੱਤਵਪੂਰਨ ਥਾਵਾਂ ’ਤੇ ਲਗਾ ਦਿਤੀਆਂ ਜਾਣਗੀਆਂ, ਤਾਕਿ ਕਿਸੇ ਵੀ ਤਰ੍ਹਾਂ ਦੇ ਇਤਰਾਜ਼, ਸ਼ਿਕਾਇਤਾਂ ਤੇ ਹੋਰ ਵੇਰਵੇ ਪ੍ਰਾਪਤ ਕਰ ਕੇ ਲਿਸਟਾਂ ਵਿਚ ਸੋਧ ਕੀਤੀ ਜਾਵੇ। ਅਧਿਕਾਰੀ ਨੇ ਇਹ ਵੀ ਦਸਿਆ ਕਿ ਪੰਜਾਬ ਵਿਚ ਪੈਂਦੀਆਂ 110 ਸੀਟਾਂ ਤੇ ਅੰਦਾਜ਼ਨ 60 ਲੱਖ ਸਿੱਖ ਵੋਟਰ ਫ਼ਾਰਮ ਭਰਨ ਦੀ ਆਸ ਸੀ ਪਰ 21 ਸਾਲ ਤੋਂ ਉਪਰ ਸਿੱਖ ਵੋਟਰਾਂ ਨੇ ਕੇਵਲ ਅੱਧੇ ਮਰਦਾਂ ਤੇ ਬੀਬੀਆਂ ਨੇ ਦਿਲਚਸਪੀ ਦਿਖਾਈ ਹੈ। ਜਾਣਕਾਰੀ ਮੁਤਾਬਕ ਹਰਿਆਣਾ ਦੀ ਵੱਖਰੀ ਕਮੇਟੀ ਬਣਨ ਕਾਰਨ ਕੁਲ 120 ਸੀਟਾਂ ਵਿਚੋਂ 8 ਸੀਟਾਂ ਹਰਿਆਣੇ ਦੀਆਂ ਕੱਟ ਗਈਆਂ ਹਨ ਅਤੇ ਪੰਜਾਬ ਦੀਆਂ 110 ਸੀਟਾਂ ਤੋਂ 157 ਮੈਂਬਰ ਚੁਣੇ ਜਾਣਗੇ ਕਿਉਂਕਿ 47 ਸੀਟਾਂ ਦੋਹਰੀ ਮੈਂਬਰਸ਼ਿਪ ਵਾਲੀਆਂ ਹਨ। ਚੰਡੀਗੜ੍ਹ ਯੂ.ਟੀ. ਤੇ ਹਿਮਾਚਲ ਤੋਂ 1-1 ਮੈਂਬਰ ਚੁਣਨਾ ਹੈ। ਜਾਣਕਾਰੀ ਮੁਤਾਬਕ ਕੁਲ 159 ਮੈਂਬਰਾਂ ਦਾ ਹਾਊਸ ਹੋਵੇਗਾ। ਅਧਿਕਾਰੀ ਨੇ ਦਸਿਆ ਕਿ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਮੁੜ ਤੋਂ ਸੰਪਰਕ ਕਰ ਕੇ ਪਟਵਾਰੀਆਂ ਰਾਹੀਂ ਸਿੱਖ ਵੋਟਰ ਫ਼ਾਰਮ ਰਹਿੰਦੇ ਡੇਢ ਮਹੀਨੇ ਵਿਚ ਭਰਵਾ ਕੇ ਇਹ ਗਿਣਤੀ 30 ਲੱਖ ਤਕ ਪਹੁੰਚਾਉਣ ਦਾ ਟੀਚਾ ਸਰ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਵਾਸਤੇ ਚੋਣਾਂ ਨਵੰਬਰ ਦਸੰਬਰ ਵਿਚ ਹੋਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਇਹ ਚੋਣਾਂ ਸਤੰਬਰ 2011 ਵਿਚ ਹੋਈਆਂ ਸਨ।