ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਗੁਰਦੁਆਰਾ ਚੋਣਾਂ ਲਈ ਵੋਟਾਂ ਦੀ ਰਜਿਸਟਰੇਸ਼ਨ ਦਾ ਸਮਾਂ ਤਿੰਨ ਮਹੀਨੇ ਵਧਾਉਣ ਦੀ ਮੰਗ

  • ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਵਫ਼ਦ ਨੇ ਗੁਰਦੁਆਰਾ ਚੋਣਾਂ ਦੇ ਮੁੱਖ ਕਮਿਸ਼ਨਰ ਜਸਟਿਸ ਐਸ ਐਸ ਸਾਰੋਂ ਨੂੰ ਮੰਗ ਪੱਤਰ ਸੌਪਿਆ

ਚੰਡੀਗੜ੍ਹ, 9 ਨਵੰਬਰ : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਪਾਰਟੀ ਦੇ ਪੰਥਕ ਆਗੂਆਂ ਦੇ ਇਕ ਵਫ਼ਦ ਨੇ ਗੁਰਦੁਆਰਾ ਚੋਣਾਂ ਦੇ ਮੁੱਖ ਕਮਿਸ਼ਨਰ ਜਸਟਿਸ (ਸੇਵਾ ਮੁਕਤ) ਐਸ ਐਸ ਸਾਰੋਂ ਨੂੰ ਮੰਗ ਪੱਤਰ ਸੌਂਪ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਾਸਤੇ ਵੋਟਾਂ ਦੀ ਰਜਿਸਟਰੇਸ਼ਨ ਦਾ ਸਮਾਂ ਤਿੰਨ ਮਹੀਨੇ ਵਧਾਉਣ ਦੀ ਮੰਗ ਕੀਤੀ। ਜਿਸ ਤੇ ਮੁੱਖ ਕਮਿਸ਼ਨਰ ਨੇ ਉਪਰੋਕਤ ਮੰਗ ਮੰਨਣ ਦਾ ਭਰੋਸਾ ਦਿੱਤਾ। ਵਫ਼ਦ ਵਿਚ ਜਸਟਿਸ (ਸੇਵਾ ਮੁਕਤ) ਨਿਰਮਲ ਸਿੰਘ, ਨਿਰਮੈਲ ਸਿੰਘ ਜੋਲਾਕਲਾਂ, ਅਮਰਿੰਦਰ ਸਿੰਘ ਅਤੇ ਓ ਐਸ ਡੀ ਜਸਵਿੰਦਰ ਸਿੰਘ ਸ਼ਾਮਿਲ ਸਨ। ਇਸ ਦੌਰਾਨ ਜਸਟਿਸ ਸਾਰੋਂ ਨੂੰ ਮੈਂਬਰਾਂ ਵੱਲੋਂ ਵੋਟਰਾਂ ਦੀ ਰਜਿਸਟਰੇਸ਼ਨ ਨੂੰ ਦਰਪੇਸ਼ ਮੁਸ਼ਕਿਲਾਂ ਤੋਂ ਵੀ ਜਾਣੂ ਕਰਵਾਇਆ ਗਿਆ। ਸੁਖਦੇਵ ਸਿੰਘ ਢੀਂਡਸਾ ਨੇ ਦੱਸਿਆ ਕਿ ਵੱਡੀ ਗਿਣਤੀ ਵਿਚ ਵੋਟਰ ਪੇਂਡੂ ਖੇਤਰ ਤੋਂ ਹਨ, ਜੋ ਇਸ ਸਮੇਂ ਝੋਨੇ ਦੀ ਵਾਢੀ ਵਿਚ ਲੱਗੇ ਹਨ ਅਤੇ ਹੁਣ ਕਣਕ ਦੀ ਬਿਜਾਈ ਵਿਚ ਲੱਗੇ ਹੋਏ ਹਨ। ਇਸ ਤੋਂ ਇਲਾਵਾ ਇਸ ਸਮੇਂ ਵਿੱਚ ਸਿੱਖ ਸੰਗਤ ਵੱਲੋ ਬੰਦੀ ਛੋੜ ਦਿਵਸ ਮਨਾਇਆ ਜਾਂਦਾ ਹੈ ਅਤੇ ਦਸੰਬਰ ਵਿਚ ਸਿੱਖ ਸੰਗਤ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਪੰਦਰਵਾੜਾ ਵੀ ਮਨਾਉਂਦੀ ਹੈ। ਇਸ ਲਈ ਸਿੱਖ ਸੰਗਤ ਨੂੰ ਵੋਟਾਂ ਬਣਾਉਣ ਲਈ ਹੋਰ ਸਮਾਂ ਦਿੱਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਵੋਟਾਂ ਦਾ ਕੰਮ ਪਟਵਾਰੀਆਂ ਅਤੇ ਬੀ ਐਲ ਓ ਦੇ ਜ਼ਿੰਮੇ ਲਾਉਣ ਦੀ ਵੀ ਮੰਗ ਕੀਤੀ ਗਈ ਤਾਂ ਜੋਂ ਸਿੱਖ ਸੰਗਤ ਦੀ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਪੂਰੀ ਸ਼ਮੂਲੀਅਤ ਯਕੀਨੀ ਬਣਾਈ ਜਾ ਸਕੇ।