ਬਠਿੰਡਾ ਅਤੇ ਪਠਾਨਕੋਟ ਦੀਆਂ ਧੀਆਂ ਦੀ ਆਫੀਸਰਜ਼ ਟਰੇਨਿੰਗ ਅਕੈਡਮੀ, ਚੇਨੱਈ ਵਿੱਚ ਪ੍ਰੀ-ਕਮਿਸ਼ਨ ਟਰੇਨਿੰਗ ਲਈ ਚੋਣ

  • ਅਮਨ ਅਰੋੜਾ ਵੱਲੋਂ ਮਾਈ ਭਾਗੋ ਪ੍ਰੈਪਰੇਟਰੀ ਇੰਸਟੀਚਿਊਟ ਦੀਆਂ ਦੋਵੇਂ ਮਹਿਲਾ ਕੈਡਿਟਾਂ ਨੂੰ ਰੱਖਿਆ ਸੇਵਾਵਾਂ ਵਿੱਚ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ

ਚੰਡੀਗੜ੍ਹ, 5 ਜੁਲਾਈ : ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏ.ਐਫ.ਪੀ.ਆਈ.) ਫਾਰ ਗਰਲਜ਼, ਐਸ.ਏ.ਐਸ. ਨਗਰ (ਮੋਹਾਲੀ) ਦੀਆਂ ਦੋ ਮਹਿਲਾ ਕੈਡਿਟਾਂ ਚੇਨੱਈ ਸਥਿਤ ਆਫੀਸਰਜ਼ ਟਰੇਨਿੰਗ ਅਕੈਡਮੀ ਵਿੱਚ ਪ੍ਰੀ-ਕਮਿਸ਼ਨ ਟਰੇਨਿੰਗ ਲਈ ਚੁਣੀਆਂ ਗਈਆਂ ਹਨ। ਦੋਵਾਂ ਮਹਿਲਾ ਕੈਡਿਟਾਂ, ਅਰਸ਼ਦੀਪ ਕੌਰ ਸਿੱਧੂ ਅਤੇ ਪੱਲਵੀ ਰਾਜਪੂਤ, ਦੀ ਸਿਖਲਾਈ ਅਕਤੂਬਰ, 2023 ਤੋਂ ਸ਼ੁਰੂ ਹੋਵੇਗੀ। ਬਠਿੰਡਾ ਦੀ ਰਹਿਣ ਵਾਲੀ ਅਰਸ਼ਦੀਪ ਕੌਰ ਸਿੱਧੂ ਦੇ ਪਿਤਾ ਸ੍ਰੀ ਹਰਵਿੰਦਰ ਸਿੰਘ ਸਿੱਧੂ ਮਿਲਟਰੀ ਇੰਜਨੀਅਰਿੰਗ ਸਰਵਿਸ ਹਨ ਜਦੋਂਕਿ ਪੱਲਵੀ ਰਾਜਪੂਤ ਪਠਾਨਕੋਟ ਦੀ ਰਹਿਣ ਵਾਲੀ ਹੈ ਅਤੇ ਉਸ ਦੇ ਪਿਤਾ ਸ੍ਰੀ ਰਵਿੰਦਰ ਸਿੰਘ ਖੇਤੀ ਕਰਦੇ ਹਨ। ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਦੋਵਾਂ ਮਹਿਲਾ ਕੈਡਿਟਾਂ ਨੂੰ ਉਨ੍ਹਾਂ ਦੀ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਕਿਹਾ ਕਿ ਮਾਈ ਭਾਗੋ ਏ.ਐਫ.ਪੀ.ਆਈ. ਪੰਜਾਬ ਦੀਆਂ ਬੇਟੀਆਂ ਨੂੰ ‘ਵਿਮੈਨ ਆਫ਼ ਸਬਸਟੈਂਸ’ ਵਿੱਚ ਬਦਲ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਸੰਸਥਾ ਪੰਜਾਬ ਦਾ ਮਾਣ ਹੈ, ਜੋ ਪੰਜਾਬ ਦੀਆਂ ਬੇਟੀਆਂ ਨੂੰ ਹਥਿਆਰਬੰਦ ਸੈਨਾਵਾਂ ਵਿੱਚ ਕਮਿਸ਼ਨਡ ਅਫ਼ਸਰ ਬਣਨ ਵਿੱਚ ਮਦਦ ਕਰ ਰਹੀ ਹੈ। ਸੂਬੇ ਦੀਆਂ ਲੜਕੀਆਂ ਦੇ ਰੱਖਿਆ ਸੇਵਾਵਾਂ ਵਿੱਚ ਜਾ ਕੇ ਦੇਸ਼ ਦੀ ਸੇਵਾ ਕਰਨ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਮਾਈ ਭਾਗੋ ਏ.ਐਫ.ਪੀ.ਆਈ. ਵਿਖੇ ਐਨ.ਡੀ.ਏ. ਪ੍ਰੈਪਰੇਟਰੀ ਵਿੰਗ (ਲੜਕੀਆਂ) ਦੀ ਸਥਾਪਨਾ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿੱਥੇ 2 ਜੁਲਾਈ, 2023 ਤੋਂ ਕੋਰਸ ਸ਼ੁਰੂ ਹੋ ਚੁੱਕਾ ਹੈ। ਮਾਈ ਭਾਗੋ ਏਐਫਪੀਆਈ ਦੇ ਡਾਇਰੈਕਟਰ ਮੇਜਰ ਜਨਰਲ ਜਸਬੀਰ ਸਿੰਘ ਸੰਧੂ, ਏ.ਵੀ.ਐਸ.ਐਮ. (ਸੇਵਾਮੁਕਤ) ਨੇ ਦੋਵੇਂ ਮਹਿਲਾ ਕੈਡਿਟਾਂ ਦੀ ਚੋਣ ‘ਤੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਇਨ੍ਹਾਂ ਮਹਿਲਾ ਕੈਡਿਟਾਂ ਦੀ ਚੋਣ ਨਾਲ ਹੁਣ ਤੱਕ ਸੰਸਥਾ ਦੀਆਂ 28 ਮਹਿਲਾ ਕੈਡਿਟਾਂ ਵੱਖ-ਵੱਖ ਆਰਮਡ ਫੋਰਸਿਜ਼ ਟਰੇਨਿੰਗ ਅਕੈਡਮੀਆਂ ਵਿੱਚ ਸ਼ਾਮਲ ਹੋ ਚੁੱਕੀਆਂ ਹਨ। ਉਨ੍ਹਾਂ ਨੇ ਇਹਨਾਂ ਮਹਿਲਾ ਕੈਡਿਟਾਂ ਨੂੰ ਰੱਖਿਆ ਸੇਵਾਵਾਂ ਵਿੱਚ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।