ਰਾਹੁਲ ਗਾਂਧੀ ਤੁਹਾਡੇ ਬਿਆਨ ਨਾਲ ਅੱਤਵਾਦੀ ਨਹੀਂ ਬਣ ਜਾਵੇਗਾ : ਰਾਜਾ ਵੜਿੰਗ 

  • ਬਿੱਟੂ 'ਤੇ ਨਿਸ਼ਾਨਾ ਸਾਧਦਿਆਂ ਵੜਿੰਗ ਨੇ ਕਿਹਾ ਬਿੱਟੂ ਅਹਿਸਾਨ ਫਰਾਮੋਸ਼ ਆਦਮੀ ਹੈ।

ਚੰਡੀਗੜ੍ਹ, 16 ਸਤੰਬਰ 2024 : ਪੰਜਾਬ ਕਾਂਗਰਸ ਪ੍ਰਧਾਨ ਤੇ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਰਾਹੁਲ ਗਾਂਧੀ ਬਾਰੇ ਕੀਤੀ ਟਿੱਪਣੀ 'ਤੇ ਨਿਸ਼ਾਨਾ ਸਾਧਿਆ ਹੈ। ਬਿੱਟੂ 'ਤੇ ਨਿਸ਼ਾਨਾ ਸਾਧਦਿਆਂ ਵੜਿੰਗ ਨੇ ਕਿਹਾ ਕਿ ਬਿੱਟੂ ਅਹਿਸਾਨ ਫਰਾਮੋਸ਼ ਆਦਮੀ ਹੈ। ਉਹ ਆਪਣੇ ਆਕਾ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਰਾਜਾ ਵੜਿੰਗ ਨੇ ਕਿਹਾ ਕਿ ਉਹ ਆਪਣੇ ਆਕਾ ਨੂੰ ਖੁਸ਼ ਕਰਨ ਲਈ ਕੁਝ ਵੀ ਕਹਿ ਰਹੇ ਹਨ। ਜਨਤਾ ਜਾਣ ਦੀ ਹੈ ਕਿ ਰਾਹੁਲ ਗਾਂਧੀ ਦੇ ਪਿਤਾ ਨੂੰ ਸ਼ਹੀਦ ਹੋਏ ਸਨ ਤੇ ਉਨ੍ਹਾਂ ਦੇ ਸਰੀਰ ਦੇ ਟੁਕੜੇ ਕੀਤੇ ਗਏ ਸਨ, ਤੁਸੀਂ ਉਨ੍ਹਾਂ ਨੂੰ ਅੱਤਵਾਦੀ ਕਹਿ ਰਹੇ ਹੋ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਗੇ ਕਿਹਾ ਕਿ ਰਾਹੁਲ ਗਾਂਧੀ ਨੇ ਬਿੱਟੂ ਨੂੰ ਲੋਕ ਸਭਾ ਤਿੰਨ ਵਾਰ ਚੋਣਾਂ ਜਿਤਾਉਣ ’ਚ ਮਦਦ ਕੀਤੀ। ਰਾਹੁਲ ਗਾਂਧੀ ਦੀ ਆਲੋਚਨਾ ਕਰਨ ਤੋਂ ਪਹਿਲਾਂ ਬਿੱਟੂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਤੁਹਾਡੇ ਬਿਆਨ ਨਾਲ ਅੱਤਵਾਦੀ ਨਹੀਂ ਬਣ ਜਾਵੇਗਾ। ਦੇਸ਼ ਦੇ ਲੋਕ ਤੁਹਾਡੀ ਮਾਨਸਿਕਤਾ, ਤੁਹਾਡੇ ਗਿਆਨ ਅਤੇ ਅਕ੍ਰਿਤਘਣਤਾ ਬਾਰੇ ਜਾਣਦੇ ਹਨ। ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵਿਵਾਦਤ ਬਿਆਨ ਦਿੰਦਿਆਂ ਕਿਹਾ ਸੀ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਭਾਰਤੀ ਨਹੀਂ ਹੈ। ਉਸ ਨੇ ਆਪਣਾ ਜ਼ਿਆਦਾਤਰ ਸਮਾਂ ਬਾਹਰ ਹੀ ਬਿਤਾਇਆ ਹੈ। ਉਸ ਨੂੰ ਆਪਣੇ ਦੇਸ਼ ਨਾਲ ਓਨਾ ਪਿਆਰ ਨਹੀਂ ਹੈ। ਉਨ੍ਹਾਂ ਕਿਹਾ ਸੀ ਕਿ ਜਿਹੜੇ ਮੋਸਟ ਵਾਂਟੇਡ, ਵੱਖਵਾਦੀ ਤੇ ਬੰਬ, ਬੰਦੂਕ ਅਤੇ ਗੋਲੇ ਬਣਾਉਣ ਦੇ ਮਾਹਿਰ ਹਨ, ਉਨ੍ਹਾਂ ਨੇ ਰਾਹੁਲ ਗਾਂਧੀ ਦੇ ਸ਼ਬਦਾਂ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਸੀ ਕਿ ਦੇਸ਼ ਦੇ ਦੁਸ਼ਮਣ ਜੋ ਜਹਾਜ਼, ਰੇਲ ਗੱਡੀਆਂ ਅਤੇ ਸੜਕਾਂ ਨੂੰ ਉਡਾਉਣ ਦੀ ਕੋਸ਼ਿਸ਼ ਕਰਦੇ ਹਨ, ਉਹ ਰਾਹੁਲ ਗਾਂਧੀ ਦੇ ਸਮਰਥਨ ਵਿਚ ਹਨ। ਰਵਨੀਤ ਬਿੱਟੂ ਨੇ ਕਿਹਾ ਸੀ ਕਿ ਰਾਹੁਲ ਗਾਂਧੀ ਦੇਸ਼ ਦਾ ਨੰਬਰ ਇਕ ਅੱਤਵਾਦੀ ਹੈ। ਜੇ ਨੰਬਰ ਇਕ ਅੱਤਵਾਦੀ ਨੂੰ ਫੜਨ ਲਈ ਕੋਈ ਪੁਰਸਕਾਰ ਹੋਣਾ ਚਾਹੀਦਾ ਹੈ ਤਾਂ ਉਹ ਰਾਹੁਲ ਗਾਂਧੀ ਨੂੰ ਮਿਲਣਾ ਚਾਹੀਦਾ ਹੈ।