ਪੂਰਨ ਗੁਰਸਿੱਖ ਨੂੰ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਦਾ ਪ੍ਰਸ਼ਾਸਕ ਨਿਯੁਕਤ ਕੀਤਾ ਜਾਵੇ : ਢੀਂਡਸਾ

ਚੰਡੀਗੜ੍ਹ, 8 ਅਗਸਤ : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਦੇ ਪ੍ਰਸ਼ਾਸਕ ਵਜੋਂ ਇਕ ਗੈਰ-ਸਿੱਖ ਦੀ ਨਿਯੁਕਤੀ ਦੀ ਸਖਤ ਨਿੰਦਾ ਕੀਤੀ ਹੈ। ਸੁਖਦੇਵ ਸਿੰਘ ਢੀਂਡਸਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮਹਾਰਾਸ਼ਟਰ ਸਰਕਾਰ ਨੂੰ ਇਹ ਫੈਸਲਾ ਤੁਰੰਤ ਵਾਪਸ ਲੈਕੇ ਅਮ੍ਰਿਤਧਾਰੀ ਪੂਰਨ ਗੁਰਸਿੱਖ ਨੂੰ ਤਖ਼ਤ ਦਾ ਪ੍ਰਬੰਧਕ ਨਿਯੁਕਤ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਖ ਮਸਲਿਆਂ ਅਤੇ ਪ੍ਰਬੰਧਾਂ ਵਿਚ ਸਰਕਾਰ ਦੀ ਬਿਲਕੁਲ ਵੀ ਦਖ਼ਲਅੰਦਾਜ਼ੀ ਨਹੀ ਹੋਣੀ ਚਾਹੀਦੀ ਹੈ। ਢੀਂਡਸਾ ਨੇ ਕਿਹਾ ਕਿ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਸਿੱਖਾਂ ਦਾ ਇਕ ਮੁਕੱਦਸ ਸਥਾਨ ਹੈ। ਜਿਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾਗੱਦੀ ਸੌਂਪਕੇ ਸਿੱਖ ਕੌਮ ਨੂੰ ਹੁਕਮ ਕੀਤਾ ਸੀ ਕਿ ‘ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ’। ਇਸ ਲਈ ਸਿੱਖਾਂ ਲਈ ਇਹ ਪਵਿੱਤਰ ਸਥਾਨ ਹੈ ਪਰ ਸਰਕਾਰ ਵਲੋਂ ਇਥੇ ਗੈਰ-ਸਿੱਖ ਪ੍ਰਸ਼ਾਸਕ ਨਿਯੁਕਤ ਕਰਕੇ ਸਿੱਖਾਂ ਦੇ ਅੰਦਰੂਨੀ ਪ੍ਰਬੰਧ ਵਿਚ ਸਿੱਧਾ ਦਖ਼ਲ ਦਿੱਤਾ ਜਾ ਰਿਹਾ ਹੈ। ਜਿਸ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀ ਕਰੇਗੀ। ਢੀਂਡਸਾ ਨੇ ਕਿਹਾ ਕਿ ਇਹ ਸਾਰਾ ਪ੍ਰਬੰਧ ਸਿੱਖ ਕੌਮ ਕੋਲ ਹੋਣਾ ਚਾਹੀਦਾ ਹੈ। ਇਸ ਲਈ ਸਰਕਾਰ ਬਿਨਾਂ ਕਿਸੇ ਦੇਰੀ ਤੋਂ ਗੈਰ-ਸਿੱਖ ਪ੍ਰਸ਼ਾਸਕ ਨੂੰ ਹਟਾ ਕੇ ਪੂਰਨ ਗੁਰਸਿੱਖ ਨੂੰ ਤਖ਼ਤ ਦਾ ਪ੍ਰਸ਼ਾਸਕ ਨਿਯੁਕਤ ਕਰੇ।