ਠੰਡ ਕਾਰਨ ਕੰਬਿਆ ਪੰਜਾਬ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ

ਚੰਡੀਗੜ੍ਹ, 28 ਦਸੰਬਰ : ਉੱਤਰੀ ਭਾਰਤ ਸੰਘਣੀ ਧੁੰਦ ਨਾਲ ਘਿਰਿਆ ਹੋਇਆ ਹੋਣ ਕਰਕੇ ਮੌਸਮ ਵਿਭਾਗ ਵੱਲੋਂ ਪੰਜਾਬ, ਹਰਿਆਣਾ ਸਮੇਤ ਕਈ ਰਾਜਾਂ ਲਈ ਰੈੱਡ ਅਲਰਟ ਕੀਤਾ ਹੋਇਆ ਹੈ। ਮੌਸਮ ਵਿਗਿਆਨੀਆਂ ਅਨੁਸਾਰ ਪੱਛਮੀ ਗੜਬੜੀ ਕਾਰਨ ਇਸ ਸਾਲ ਦੇ ਆਖਰੀ ਦਿਨ 31 ਦਸੰਬਰ ਤੱਕ ਸਰਗਰਮ ਰਹਿ ਸਕਦੀ ਹੈ। ਇਸ ਕਾਰਨ ਪੰਜਾਬ, ਹਰਿਆਣਾ ‘ਚ ਬੱਦਲ ਛਾਏ ਰਹਿਣਗੇ ਅਤੇ ਕੁੱਝ ਥਾਵਾਂ ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦਾ ਪ੍ਰਭਾਵ 2 ਜਨਵਰੀ ਨੂੰ ਵੀ ਰਹੇਗਾ। ਇਸ ਦੌਰਾਨ ਉੱਤਰ-ਪੱਛਮੀ ਅਤੇ ਮੱਧ ਭਾਰਤ ਦੇ ਸੂਬਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਪੰਜਾਬ ਵਿਚ ਅੱਜ ਵੀ ਸੰਘਣੀ ਧੁੰਦ ਪਈ ਤੇ ਅਗਲੇ ਦਿਨਾਂ 'ਚ ਵੀ ਸੰਘਣੀ ਪੈਣ ਦਾ ਅਲਰਟ ਜਾਰੀ ਹੈ। 29 ਦਸੰਬਰ ਨੂੰ ਮੌਸਮ ਸਾਫ਼ ਰਹੇਗਾ ਜਦਕਿ 30 ਅਤੇ 31 ਦਸੰਬਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਦੱਸ ਦੇਈਏ ਕਿ ਭਾਰਤੀ ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਨੇ ਅਗਲੇ 2 ਦਿਨਾਂ ਤੱਕ ਸੰਘਣੀ ਧੁੰਦ ਦੀ ਚਿਤਾਵਨੀ ਦਿਤੀ ਹੈ ਅਤੇ ਰੈੱਡ ਅਲਰਟ ਕਰਕੇ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ।