ਪੰਜਾਬ ਸਕੂਲ ਸਿੱਖਿਆ ਬੋਰਡ ਅੱਜ ਐਲਾਨਿਆ ਜਾਵੇਗਾ 10ਵੀਂ ਜਮਾਤ ਦਾ ਨਤੀਜਾ 

ਚੰਡੀਗੜ੍ਹ, 17 ਅਪ੍ਰੈਲ : ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਦੀ 10ਵੀਂ ਜਮਾਤ ਦਾ ਨਤੀਜਾ ਭਲਕੇ (18 ਅਪ੍ਰੈਲ ਦਿਨ ਵੀਰਵਾਰ) ਐਲਾਨ ਦਿੱਤਾ ਜਾਵੇਗਾ। ਸਿੱਖਿਆ ਬੋਰਡ ਵੱਲੋਂ ਇਸ ਸਬੰਧੀ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਹੈ। ਸੂਬੇ ਵਿੱਚ 13 ਫਰਵਰੀ ਤੋਂ 5 ਮਾਰਚ ਤੱਕ ਪ੍ਰੀਖਿਆ ਲਈ ਗਈ ਸੀ। ਪੰਜਾਬ ਬੋਰਡ ਵੱਲੋਂ ਉਪਲਬੱਧ ਕਰਵਾਏ ਗਏ ਅੰਕੜਿਆਂ ਅਨੁਸਾਰ 2,97, 048 ਤੋਂ ਜ਼ਿਆਦਾ ਵਿਦਿਆਰਥੀ ਪੀਐਸਈਬੀ ਜਮਾਤ 10ਵੀਂ ਪ੍ਰੀਖਿਆ 2024 ਲਈ ਉਪਲੱਬਧ ਹੋਏ ਸਨ। ਪ੍ਰੀਖਿਆ 3,808 ਤੋਂ ਜ਼ਿਆਦਾ ਪ੍ਰੀਖਿਆ ਕੇਂਦਰਾਂ ਉਤੇ ਲਈ ਗਈ ਸੀ। ਜਾਣਕਾਰੀ ਮੁਤਾਬਕ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰੈੱਸ ਕਾਨਫਰੰਸ ਰਾਹੀਂ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ। ਨਤੀਜੇ ਐਲਾਨਣ ਦੇ ਨਾਲ-ਨਾਲ ਬੋਰਡ ਅਧਿਕਾਰੀ ਅਧਿਕਾਰਤ ਕਾਨਫਰੰਸ ਵਿੱਚ ਟਾਪਰਾਂ ਦੇ ਨਾਮ, ਸਮੁੱਚੀ ਪਾਸ ਪ੍ਰਤੀਸ਼ਤਤਾ, ਕੰਪਾਰਟਮੈਂਟ ਪ੍ਰੀਖਿਆ ਤੇ ਪੜਤਾਲ ਦੇ ਵੇਰਵੇ ਸਾਂਝੇ ਕਰਨਗੇ। ਪੰਜਾਬ ਬੋਰਡ 10ਵੀਂ ਜਮਾਤ ਦਾ ਨਤੀਜਾ ਜਾਰੀ ਹੋਣ ਤੋਂ ਬਾਅਦ ਪੀਐਸਈਬੀ ਦੀ ਅਧਿਕਾਰ ਵੈਬਸਾਈਟ ਪੀਐਸਈਬੀ.ਇੰਨ ਉਤੇ ਅਪਲੋਡ ਕਰ ਦਿੱਤਾ ਜਾਵੇਗਾ। ਵਿਦਿਆਰਥੀ ਰੋਲ ਨੰਬਰ, ਐਪਲੀਕੇਸ਼ਨ ਨੰਬਰ, ਰਜਿਸਟ੍ਰੇਸ਼ਨ ਨੰਬਰ ਦੀ ਮਦਦ ਨਾਲ ਸਾਈਟ ਉਤੇ ਲਾਗ ਇੰਨ ਕਰਕੇ ਆਪਣਾ ਸਕੋਰ ਕਾਰਡ ਚੈਕ ਕਰ ਸਕਦੇ ਹਨ। ਪਿਛਲੇ ਸਾਲ ਪੰਜਾਬ ਬੋਰਡ ਵੱਲੋਂ 10ਵੀਂ ਜਮਾਤ ਦਾ ਨਤੀਜਾ 26 ਮਈ ਨੂੰ ਐਲਾਨਿਆ ਗਿਆ ਸੀ ਅਤੇ ਪ੍ਰੀਖਿਆ 21 ਮਾਰਚ ਤੋਂ 18 ਅਪ੍ਰੈਲ ਤੱਕ ਲਈ ਗਈ ਸੀ। ਪ੍ਰੀਖਿਆ ਵਿੱਚ ਕੁੱਲ 281327 ਵਿਦਿਆਰਥੀਆਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ ਕੁੱਲ 97.54 ਫੀਸਦੀ ਪਾਸ ਹੋਏ। ਜਦੋਂ ਕਿ ਲੜਕੀਆਂ ਦਾ ਨਤੀਜਾ ਲੜਕਿਆਂ ਨਾਲੋਂ ਵੱਧ ਰਿਹਾ। ਕੁੱਲ 98.46 ਫੀਸਦੀ ਲੜਕੀਆਂ ਪਾਸ ਹੋਈਆਂ ਅਤੇ ਲੜਕਿਆਂ ਦੀ ਕੁੱਲ ਪਾਸ ਪ੍ਰਤੀਸ਼ਤਤਾ 96.73 ਫੀਸਦੀ ਦਰਜ ਕੀਤੀ ਗਈ। ਪੰਜਾਬ ਬੋਰਡ ਨੇ 1 ਅਪ੍ਰੈਲ ਨੂੰ 5ਵੀਂ ਦਾ ਨਤੀਜਾ ਐਲਾਨ ਦਿੱਤਾ ਸੀ। 10ਵੀਂ ਦੇ ਨਤੀਜੇ ਜਾਰੀ ਕਰਨ ਤੋਂ ਬਾਅਦ ਬੋਰਡ ਇੰਟਰਮੀਡੀਏਟ ਦੇ ਨਤੀਜੇ ਘੋਸ਼ਿਤ ਕਰ ਸਕਦਾ ਹੈ।