ਪੰਜਾਬ ਪੁਲਿਸ ਨੇ ਕਟਾਰੂਚੱਕ ਮਾਮਲੇ ਵਿਚ ਬਣਾਈ ਤਿੰਨ ਮੈਂਬਰੀ ਐਸ.ਆਈ.ਟੀ

ਚੰਡੀਗੜ੍ਹ, 8 ਮਈ : ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਇਕ ਐਸ.ਸੀ. ਲੜਕੇ ਦਾ ਜਿਣਸੀ ਸੋਸ਼ਣ ਕਰਨ ਦੇ ਮਾਮਲੇ ਵਿਚ ਪੰਜਾਬ ਪੁਲਿਸ ਨੇ ਡੀਆਈਜੀ ਨਰਿੰਦਰ ਭਾਰਗਵ ਦੀ ਅਗਵਾਈ ਹੇਠ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਦਾ ਗਠਨ ਕੀਤਾ ਹੈ। ਨਰਿੰਦਰ ਭਾਰਗਵ ਤੋਂ ਇਲਾਵਾ ਇਸ ਟੀਮ ਵਿਚ ਦੋ ਐਸ ਐਸ ਪੀ ਸ਼ਾਮਲ ਕੀਤੇ ਗਏ ਹਨ ਜੋ ਸਾਰੇ ਮਾਮਲੇ ਦੀ ਜਾਂਚ ਕਰਨਗੇ ਤੇ ਇਹ ਐਸ ਆਈ ਟੀ ਆਪਣੀ ਰਿਪੋਰਟ ਸੌਂਪੇਗੀ।ਦੋ ਐਸ ਐਸ ਪੀਜ਼ ਵਿਚ ਗੁਰਦਾਸਪੁਰ ਦੇ ਐਸ ਐਸ ਪੀ ਡੀ ਐਚ ਕੁਮਾਰ ਓਮਪ੍ਰਕਾਸ਼ ਅਤੇ ਪਠਾਨਕੋਟ ਦੇ ਐਸ ਐਸ ਪੀ ਹਰਕਮਲ ਪ੍ਰੀਤ ਸਿੰਘ ਖੱਖ ਸ਼ਾਮਲ ਹਨ। ਇਸ ਸਬੰਧੀ ਜਾਰੀ ਹੁਕਮਾਂ ਵਿਚ ਇਹ ਵੀ ਕਿਹਾ ਕਿ ਕੌਮੀ ਐਸ ਸੀ ਕਮਿਸ਼ਨ ਦੇ ਹੁਕਮਾਂ ਮੁਤਾਬਕ ਸ਼ਿਕਾਇਤ ਕਰਤਾ ਨੂੰ ਸੁਰੱਖਿਆ ਵੀ ਪ੍ਰਦਾਨ ਕੀਤੀ ਜਾਵੇਗੀ।