ਪੰਜਾਬ ਪੁਲਿਸ ਨੇ ਦੋ ਸ਼ੱਕੀ ਵਿਅਕਤੀਆਂ ਨੂੰ 4 ਆਧੁਨਿਕ ਪਿਸਤੌਲਾਂ ਸਮੇਤ ਕੀਤਾ ਗ੍ਰਿਫਤਾਰ

ਚੰਡੀਗੜ੍ਹ/ਅੰਮ੍ਰਿਤਸਰ, 13 ਅਗਸਤ 2024 : ਪੰਜਾਬ ਪੁਲਿਸ ਨੇ ਅਗਾਮੀ ਆਜ਼ਾਦੀ ਦਿਹਾੜੇ ਮੱਦੇਨਜਰ ਵਿਸ਼ੇਸ਼ ਮੁਹਿੰਮ ਚਲਾਈ ਹੈ। ਇਸ ਤਹਿਤਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਤਰਨ ਤਾਰਨ ਦੇ ਚਬਾਲ ਤੋਂ ਦੋ ਸ਼ੱਕੀ ਵਿਅਕਤੀਆਂ ਨੂੰ ਆਧੁਨਿਕ ਹਥਿਆਰਾਂ ਸਣੇ ਗ੍ਰਿਫ਼ਤਾਰ ਕੀਤਾ ਹੈ ਅਤੇ ਸਰਹੱਦ ਪਾਰੋਂ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਫੜੇ ਗਏ ਸ਼ੱਕੀ ਵਿਅਕਤੀਆਂ ਦੀ ਪਛਾਣ ਜਤਿੰਦਰ ਸਿੰਘ ਵਾਸੀ ਪਿੰਡ ਠੱਠਾ ਅਤੇ ਨਵਤੇਜ ਸਿੰਘ ਵਾਸੀ ਪਿੰਡ ਠੱਠਾ (ਤਰਨ ਤਾਰਨ) ਵਜੋਂ ਹੋਈ ਹੈ। ਪੁਲਿਸ ਨੇ ਇਨ੍ਹਾਂ ਤੋਂ ਚਾਰ 9 ਐਮਐਮ ਗਲਾਕ ਪਿਸਤੌਲਾਂ, ਚਾਰ ਮੈਗਜ਼ੀਨਾਂ ਅਤੇ ਹੌਂਡਾ ਡੀਲਕਸ ਮੋਟਰਸਾਈਕਲ ਰਜਿਸਟ੍ਰੇਸ਼ਨ ਨੰਬਰ ਪੀਬੀ76ਏ8099 ਜ਼ਬਤ ਕੀਤਾ ਹੈ। ਪੁਲਿਸ ਮੁਤਾਬਕ ਇਹ ਸ਼ੱਕੀ ਵਿਅਕਤੀ ਵੱਖ-ਵੱਖ ਪਾਕਿਸਤਾਨੀ ਸਮੱਗਲਰਾਂ ਦੇ ਸੰਪਰਕ ‘ਚ ਹਨ ਅਤੇ ਹਾਲ ਹੀ ‘ਚ ਤਸਕਰੀ ਹਥਿਆਰਾਂ ਦੀ ਇੱਕ ਖੇਪ ਖਰੀਦੀ ਸੀ, ਜਿਸ ਨੂੰ ਉਹ ਆਪਣੇ ਮੋਟਰਸਾਈਕਲ ‘ਤੇ ਚਬਾਲ ਨੇੜੇ ਬਾਬਾ ਬੁੱਢਾ ਜੀ ਚੈਰੀਟੇਬਲ ਹਸਪਤਾਲ ਨਜਦੀਕ ਇੱਕ ਪਾਰਟੀ ਨੂੰ ਦੇਣ ਜਾ ਰਹੇ ਸਨ। ਪੁਲਿਸ ਨੇ ਸੂਚਨਾ ਦੇ ਅਧਾਰ ‘ਤੇ ਘੇਰਾਬੰਦੀ ਕਰਕੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰਕੇ ਹਥਿਆਰਾਂ ਦੀ ਖੇਪ ਬਰਾਮਦ ਕੀਤੀ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਐਸਐਸਓਸੀ ਅੰਮ੍ਰਿਤਸਰ ਨੂੰ ਮੁਲਜ਼ਮ ਜਤਿੰਦਰ ਸਿੰਘ ਅਤੇ ਉਸ ਦੇ ਸਾਥੀ ਨਵਤੇਜ ਸਿੰਘ ਦੇ ਸਰਹੱਦ ਪਾਰੋਂ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਹੋਣ ਬਾਰੇ ਖੁਫੀਆ ਜਾਣਕਾਰੀ ਮਿਲੀ ਸੀ। ਮਿਲੀ ਖੂਫੀਆ ਜਾਣਕਾਰੀ ਤੋਂ ਪਤਾ ਲੱਗਾ ਕਿ ਸ਼ੱਕੀ ਵਿਅਕਤੀ ਵੱਖ-ਵੱਖ ਪਾਕਿਸਤਾਨੀ ਸਮੱਗਲਰਾਂ ਦੇ ਸੰਪਰਕ ਵਿੱਚ ਹਨ ਅਤੇ ਉਨ੍ਹਾਂ ਨੇ ਹਾਲ ਹੀ ਵਿੱਚ ਤਸਕਰੀ ਕੀਤੇ ਹਥਿਆਰਾਂ ਦੀ ਇੱਕ ਖੇਪ ਖਰੀਦੀ ਸੀ, ਜਿਸ ਨੂੰ ਉਹ ਆਪਣੇ ਮੋਟਰਸਾਈਕਲ 'ਤੇ ਤਰਨਤਾਰਨ ਦੇ ਚਬਾਲ ਨੇੜੇ ਬਾਬਾ ਬੁੱਢਾ ਜੀ ਚੈਰੀਟੇਬਲ ਹਸਪਤਾਲ ਨਜਦੀਕ ਇੱਕ ਪਾਰਟੀ ਨੂੰ ਦੇਣ ਜਾ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਸ ਜਾਣਕਾਰੀ 'ਤੇ ਤੁਰੰਤ ਕਾਰਵਾਈ ਕਰਦਿਆਂ ਐਸਐਸਓਸੀ ਅੰਮ੍ਰਿਤਸਰ ਦੀ ਟੀਮ ਨੇ ਯੋਜਨਾਬੱਧ ਤਰੀਕੇ ਨਾਲ ਨਿਰਧਾਰਤ ਖੇਤਰ ਦੀ ਘੇਰਾਬੰਦੀ ਕੀਤੀ ਅਤੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰਕੇ ਹਥਿਆਰਾਂ ਦੀ ਖੇਪ ਬਰਾਮਦ ਕਰ ਲਈ। ਡੀਜੀਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਦੋਵੇਂ ਮੁਲਜ਼ਮ ਸਰਹੱਦ ਪਾਰੋਂ ਆਪਣੇ ਸੰਚਾਲਕਾਂ ਵੱਲੋਂ ਡਰੋਨ ਰਾਹੀਂ ਭੇਜੀਆਂ ਨਾਜਾਇਜ਼ ਹਥਿਆਰਾਂ ਦੀ ਖੇਪਾਂ ਪ੍ਰਾਪਤ ਕਰਦੇ ਸਨ। ਹੋਰ ਵੇਰਵੇ ਸਾਂਝੇ ਕਰਦਿਆਂ ਏਆਈਜੀ ਐਸਐਸਓਸੀ ਅੰਮ੍ਰਿਤਸਰ ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਵੱਲੋਂ ਤਸਕਰੀ ਸਬੰਧੀ ਕੀਤੀਆਂ ਪਿਛਲੀਆਂ ਗਤੀਵਿਧੀਆਂ ਦਾ ਪਤਾ ਲਗਾਉਣ ਲਈ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।ਇਸ ਸਬੰਧੀ ਐਫਆਈਆਰ ਨੰਬਰ 49 ਮਿਤੀ 12.08.2024 ਨੂੰ ਥਾਣਾ ਐਸਐਸਓਸੀ ਅੰਮ੍ਰਿਤਸਰ ਵਿਖੇ ਅਸਲਾ ਐਕਟ ਦੀ ਧਾਰਾ 25 ਅਤੇ ਭਾਰਤੀ ਨਿਆ ਸੰਹਿਤਾ (ਬੀਐਨਐਸ) ਦੀ ਧਾਰਾ 61 (2) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।