'ਪੰਜਾਬ ਦੇ ਸਿੱਖਿਆ ਮਾਡਲ ਨੇ ਸਪੱਸ਼ਟ ਤੌਰ 'ਤੇ ਦਿੱਲੀ ਸਿੱਖਿਆ ਮਾਡਲ ਨੂੰ ਕਈ ਤਰੀਕਿਆਂ ਨਾਲ ਪਛਾੜ ਦਿੱਤਾ ਹੈ : ਬਾਜਵਾ

ਚੰਡੀਗੜ੍ਹ, 22 ਦਸੰਬਰ : ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਤੇ ਬਾਅਦ ਹੁਣ ਤਕ ਪੰਜਾਬ ਮਾਡਲ ਅਤੇ ਕਾਂਗਰਸ ਦੀਆਂ ਪ੍ਰਾਪਤੀਆਂ ਨੂੰ ਗੰਧਲਾ ਕਰਕੇ ਫੇਲ੍ਹ ਹੋਏ ਦਿੱਲੀ ਮਾਡਲ ਬਾਰੇ ਪ੍ਰਚਾਰ ਕਰਨ ਦੀ ਅਨੈਤਿਕ ਸਾਜਿਸ਼ ਕੀਤੀ ਹੈ, ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਿੱਖਿਆ ਦੇ ਨਕਲੀ 'ਦਿੱਲੀ ਮਾਡਲ' ਦੀ ਬੇਖੌਫ ਸ਼ਲਾਘਾ ਕਰ ਰਹੀ ਹੈ, ਇਸ ਤੱਥ ਦੇ ਬਾਵਜੂਦ ਕਿ 'ਪੰਜਾਬ ਦੇ ਸਿੱਖਿਆ ਮਾਡਲ ਨੇ ਸਪੱਸ਼ਟ ਤੌਰ 'ਤੇ ਦਿੱਲੀ ਸਿੱਖਿਆ ਮਾਡਲ ਨੂੰ ਕਈ ਤਰੀਕਿਆਂ ਨਾਲ ਪਛਾੜ ਦਿੱਤਾ ਹੈ, ਜਿਸ ਨੂੰ 'ਆਪ' ਨੇ ਕਦੇ ਵੀ ਸਵੀਕਾਰ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਅਧਿਆਪਕਾਂ, ਬੱਚਿਆਂ, ਸਥਾਨਕ ਭਾਈਚਾਰਿਆਂ ਅਤੇ ਪ੍ਰਵਾਸੀ ਭਾਰਤੀਆਂ ਦੀ ਸਕਾਰਾਤਮਕ ਭਾਗੀਦਾਰੀ ਦੇ ਕਾਰਨ, ਪੰਜਾਬ ਨੈਸ਼ਨਲ ਅਚੀਵਮੈਂਟ ਸਰਵੇ  ਵਿੱਚ ਦੋ ਵਾਰ ਸਿਖਰ 'ਤੇ ਰਿਹਾ ਹੈ। ਮੁੱਖ ਮੰਤਰੀ ਮਾਨ ਅਤੇ ਉਨ੍ਹਾਂ ਦੀ ਪਾਰਟੀ ਦੇ ਸਾਥੀਆਂ ਲਈ ਸਿੱਖਿਆ ਦੇ 'ਪੰਜਾਬ ਮਾਡਲ' 'ਤੇ ਹਮਲਾ ਕਰਨਾ ਅਤੇ ਉਸ ਨੂੰ ਨੀਵਾਂ ਦਿਖਾਉਣਾ ਸ਼ਰਮਨਾਕ ਹੈ।ਇਸ ਦੇ ਸਿੱਟੇ ਵਜੋਂ ਪੰਜਾਬ ਅਤੇ ਪੰਜਾਬੀਆਂ ਦੀਆਂ ਜਾਇਜ਼ ਪ੍ਰਾਪਤੀਆਂ ਅਤੇ ਵੱਕਾਰ ਨੂੰ ਢਾਹ ਲੱਗੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਦੌਰਾਨ 'ਆਪ' ਸਰਕਾਰ ਪਿਛਲੀ ਕਾਂਗਰਸ ਸਰਕਾਰ ਦੇ ਕੰਮਾਂ ਅਤੇ ਪ੍ਰਾਪਤੀਆਂ ਨੂੰ ਬੇਸ਼ਰਮੀ ਨਾਲ ਹੜੱਪਣ ਦੀ ਕੋਸ਼ਿਸ਼ ਕਰ ਰਹੀ ਹੈ। ਬਾਜਵਾ ਨੇ ਅੱਗੇ ਕਿਹਾਹੈ ਕਿ ਪਾਰਦਰਸ਼ੀ ਭਰਤੀ ਪ੍ਰਕਿਰਿਆ, ਸਮਾਰਟ ਕਲਾਸਰੂਮ, ਬੁਨਿਆਦੀ ਢਾਂਚਾ ਵਿਕਾਸ, ਅਤੇ ਭਰਤੀ ਮੁਹਿੰਮ, ਇਹ ਸਾਰੇ ਪ੍ਰੋਗਰਾਮ ਪਿਛਲੀ ਕਾਂਗਰਸ ਸ਼ਾਸਨ ਵਿੱਚ ਸ਼ੁਰੂ ਕੀਤੇ ਗਏ ਸਨ, ਫਿਰ ਵੀ 'ਆਪ' ਸਰਕਾਰ ਨੇ 'ਮਿਸ਼ਨ 100 ਪ੍ਰਤੀਸ਼ਤ ਮੁਹਿੰਮ' ਵਿੱਚ ਅਨੈਤਿਕ ਤੌਰ 'ਤੇ ਇਸਦਾ ਇਸ਼ਤਿਹਾਰ ਦਿੱਤਾ ਹੈ।