"ਪੰਜਾਬ 'ਚ 'ਆਮ ਆਦਮੀ' ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ 'ਤੇ ਵਾਰ-ਵਾਰ ਵੈਟ ਵਧਾ ਕੇ ਆਮ ਲੋਕਾਂ ਅਤੇ ਕਿਸਾਨਾਂ 'ਤੇ ਬੇਲੋੜਾ ਬੋਝ ਪਾਇਆ ਜਾ ਰਿਹਾ ਹੈ : ਸੁਖਬੀਰ ਬਾਦਲ

ਚੰਡੀਗੜ੍ਹ, 11 ਜੂਨ : ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਨੂੰ ਸਲਾਹ ਦਿੱਤੀ ਹੈ। ਸੁਖਬੀਰ ਬਾਦਲ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, "ਪੰਜਾਬ 'ਚ 'ਆਮ ਆਦਮੀ' ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ 'ਤੇ ਵਾਰ-ਵਾਰ ਵੈਟ ਵਧਾ ਕੇ ਆਮ ਲੋਕਾਂ ਅਤੇ ਕਿਸਾਨਾਂ 'ਤੇ ਬੇਲੋੜਾ ਬੋਝ ਪਾਇਆ ਜਾ ਰਿਹਾ ਹੈ। ਪੰਜਾਬ ਵਿੱਚ ਪੈਟਰੋਲ ਦੀਆਂ ਕੀਮਤਾਂ ਉੱਤਰੀ ਭਾਰਤ ਵਿੱਚ ਸਭ ਤੋਂ ਵੱਧ ਅਤੇ ਡੀਜ਼ਲ ਦੀਆਂ ਕੀਮਤਾਂ ਦੂਜੇ ਨੰਬਰ 'ਤੇ ਹਨ। ਭਗਵੰਤ ਮਾਨ ਸਰਕਾਰ ਨੂੰ ਤੇਲ ਦੀਆਂ ਕੀਮਤਾਂ ਵਿੱਚ ਕੀਤਾ ਇਹ ਵਾਧਾ ਤੁਰੰਤ ਵਾਪਸ ਲੈਣਾ ਚਾਹੀਦਾ ਹੈ। ਤੇਲ ਦੀਆਂ ਕੀਮਤਾਂ ਵਧਾਉਣ ਦੀ ਬਜਾਏ ਆਪ ਸਰਕਾਰ ਫਾਲਤੂ ਇਸ਼ਤਿਹਾਰਬਾਜ਼ੀ ਅਤੇ ਸਰਕਾਰੀ ਪ੍ਰਚਾਰ ਬੰਦ ਕਰਕੇ ਕਰੋੜਾਂ ਦੀ ਬੱਚਤ ਕਰ ਸਕਦੀ ਹੈ" ਹਾਸਲ ਜਾਣਕਾਰੀ ਮੁਤਾਬਕ ਪੈਟਰੋਲ ਦੀ ਵੈਟ ਦਰ 'ਚ ਕਰੀਬ 1.8 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਇਸ ਕਾਰਨ ਪੈਟਰੋਲ 92 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਜਦੋਂਕਿ ਵੈਟ ਦਰ ਵਿੱਚ 1.13 ਫੀਸਦੀ ਵਾਧੇ ਕਾਰਨ ਡੀਜ਼ਲ 90 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਇਸ ਦਰ ਵਿੱਚ 10 ਫੀਸਦੀ ਸਰਚਾਰਜ ਵੀ ਸ਼ਾਮਲ ਹੈ। ਇਸ ਕਾਰਨ ਮੁਹਾਲੀ ਵਿੱਚ ਜਿੱਥੇ ਪਹਿਲਾਂ ਪ੍ਰਤੀ ਲੀਟਰ ਪੈਟਰੋਲ 98.3 ਰੁਪਏ ਵਿੱਚ ਮਿਲਦਾ ਸੀ, ਹੁਣ ਇਹ ਵਧ ਕੇ 98.95 ਰੁਪਏ ਹੋ ਗਿਆ ਹੈ। ਜਦਕਿ 88.35 ਰੁਪਏ ਪ੍ਰਤੀ ਲੀਟਰ ਮਿਲਣ ਵਾਲੇ ਡੀਜ਼ਲ ਦੀ ਕੀਮਤ ਹੁਣ 89.25 ਰੁਪਏ ਹੋ ਗਈ ਹੈ