ਪੁਲਿਸ ਤਸ਼ਦੱਦ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾ ਰਿਹਾ : ਸੁਖਦੇਵ ਸਿੰਘ ਢੀਂਡਸਾ 

  • ਡਿਬਰੁਗੜ੍ਹ ਭੇਜੇ ਗਏ ਨੌਜਵਾਨਾਂ ਤੇ ਐਨ.ਐਸ.ਏ ਹਟਾ ਕਿ ਜਲਦ ਲਿਆਂਦਾ ਜਾਵੇ ਪੰਜਾਬ : ਬੀਬੀ ਜਗੀਰ ਕੌਰ
  • ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਸਿੱਖ ਨੌਜਵਾਨਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ

ਚੰਡੀਗੜ੍ਹ 24 ਮਾਰਚ : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਮੁੱਖ ਆਗੂ ਦੀ ਇੱਕ ਵਿਸ਼ੇਸ ਇੱਕਤਰਤਾ ਪਾਰਟੀ ਪ੍ਰਧਾਨ ਸ. ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਮੁੱਖ ਦਫ਼ਤਰ ਵਿਖੇ ਹੋਈ। ਇਸ ਦੌਰਾਨ ਪੰਜਾਬ ਦੀ ਮੌਜੂਦਾ ਸਥਿਤੀ ਤੇ ਵੱਖ ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਸਰਬ-ਸੰਮਤੀ ਨਾਲ ਇੱਕ ਮਤੇ ਰਾਹੀਂ ਪੰਜਾਬ ਸਰਕਾਰ ਵੱਲੋਂ ਸਿੱਖ ਨੌਜਵਾਨਾਂ ਦੀਆਂ ਕੀਤੀਆਂ ਜਾ ਰਹੀਆਂ ਗ੍ਰਿਫ਼ਤਾਰੀਆਂ ਅਤੇ ਉਹਨਾਂ ਉੱਤੇ ਬਿਨਾਂ ਕਿਸੇ ਕਾਰਨ ਨੈਸ਼ਨਲ ਸਿਕਾਉਟੀ ਐਕਟ(ਐਨਐਸਏ) ਲਗਾ ਕਿ ਪੰਜਾਬ ਤੋਂ ਦੂਰ ਆਸਾਮ ਦੀ ਡਿਬਰੁਗੜ੍ਹ ਜੇਲ੍ਹ ਵਿੱਚ ਬੰਦ ਕਰਨ ਦੀ ਜੋਰਦਾਰ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ। ਮਤੇ ਵਿੱਚ ਕਿਹਾ ਗਿਆ ਕਿ ਇਹ ਸਾਰਾ ਵਿਤਾਰਾ ਆਪ ਸਰਕਾਰ ਵੱਲੋਂ ਘੱਟ ਗਿਣਤੀਆਂ ਤੇ ਤਸ਼ਦੱਦ ਢਾਹ ਕੇ ਬਹੁ ਗਿਣਤੀ ਨੂੰ ਖੁਸ਼ ਕਰਕੇ ਕੇਜਰੀਵਾਲ ਦੀ ਅਗਵਾਈ ਵਿੱਚ2024 ਪਾਰਲੀਮੈਂਟ ਚੋਣਾਂ ਜਿੱਤਣ ਦਾ ਏਜੰਡਾ ਹੈ। ਪੰਜਾਬ ਅੰਦਰ ਸੀ.ਆਰ.ਪੀ.ਐਫ ਅਤੇ ਪੁਲਿਸ ਦੀ ਦਹਿਸਤ ਗਰਦੀ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰ ਰਹੀ ਹੈ। ਜਿਸ ਨਾਲ ਸਿੱਖ ਨੌਜਵਾਨਾਂ ਅੰਦਰ ਡਰ ਦਾ ਮਾਹੌਲ ਪੈਦਾ ਹੋ ਰਿਹਾ ਹੈ। ਧੜਾ-ਧੜ ਕੀਤੀਆਂ ਜਾ ਰਹੀਆਂ ਗ੍ਰਿਫ਼ਤਾਰੀਆਂ ਨੇ ਨੌਜਵਾਨਾਂ ਦੇ ਮਾਪਿਆਂ ਨੂੰ ਬੇਚੈਨ ਅਤੇ ਪਰੇਸ਼ਾਨ ਕੀਤਾ ਹੋਇਆ ਹੈ। ਸਮੂਹ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਵੱਲੋਂ ਕੀਤਾ ਗਿਆਂ ਇਹ ਐਕਸ਼ਨ ਸਿੱਖ ਕੌਮ ਨੂੰ ਦੁਨੀਆਂ ਭਰ ਵਿੱਚ ਬਦਨਾਮ ਕਰਕੇ ਭਾਰਤ ਅੰਦਰ ਸਿੱਖ ਕੌਮ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਇਸ ਇਕੱਤਰਤਾ ਨੇ ਸਰਬ-ਸੰਮਤੀ ਨਾਲ ਪੰਜਾਬ ਸਰਕਾਰ ਦੀ ਇਸ ਕਾਰਵਾਈ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਫ਼ੈਸਲਾ ਕੀਤਾ ਗਿਆ ਕਿ ਜਲਦੀ ਹੀ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦਾ ਇੱਕ ਵਫ਼ਦ ਸ. ਸੁਖਦੇਵ ਸਿੰਘ ਢੀਂਡਸਾ ਅਤੇ ਬੀਬੀ ਜਗੀਰ ਕੌਰ ਦੀ ਅਗਵਾਈ ਵਿੱਚ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇਗਾ ਤਾਂ ਕਿ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਦੀ ਰਿਹਾਈ ਸੰਭਾਵ ਬਣਾਈ ਜਾ ਸਕੇ ਅਤੇ ਆਸਾਮ ਦੀ ਡਿਬਰੁਗੜ੍ਹ ਜੇਲ੍ਹ ਤੋਂ ਪੰਜਾਬ ਵਾਪਸ ਲਿਆਂਦਾ ਜਾਵੇ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਦੇ ਖ਼ਿਲਾਫ਼ ਇਕ ਵਫ਼ਦ ਪੰਜਾਬ ਦੇ ਗਵਰਨਰ ਨੂੰ ਵੀ ਮਿਲੇਗਾ। ਦੂਜੇ ਮਤੇ ਰਾਹੀਂ ਫ਼ੈਸਲਾ ਕੀਤਾ ਗਿਆ ਕਿ ਜਥੇਦਾਰ  ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਥਕ ਜਥੇਬੰਦੀਆਂ ਦੇ ਕੀਤੇ ਜਾ ਰਿਹੇ ਇੱਕਠ ਵਿੱਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਨੁਮਾਇੰਦੇ ਵੀ ਸ਼ਾਮਿਲ ਹੋਣਗੇ। ਇਸ ਇੱਕਤਰਤਾ ਨੂੰ ਸੰਬੋਧਨ ਕਰਦਿਆਂ ਸਾਰੇ ਆਗੂਆਂ ਨੇ ਮਹਿਸੂਸ ਕੀਤਾ ਕਿ ਪੰਜਾਬ ਦੇ ਲੋਕ ਇਹ ਚਾਹੁੰਦੇ ਹਨ ਕਿ ਪੰਜਾਬ  ਅਤੇ ਪੰਥ ਦੀ ਪ੍ਰਤੀਨਿਧ ਜੱਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ। ਅਜਿਹਾ ਕਰਨ ਦੇ ਲਈ ਜ਼ਰੂਰੀ ਹੈ ਕਿ ਪਿੰਡਾਂ ਅਤੇ ਸ਼ਹਿਰਾ ਵਿੱਚ ਪੰਜਾਬੀਆਂ ਅਤੇ ਸਿੱਖ ਪੰਥ ਨੂੰ ਲਾਮਬੰਦ ਕਰਨ ਲਈ ਮੀਟਿੰਗਾਂ ਅਤੇ ਕਾਨਫ਼ਰੰਸਾਂ ਕੀਤੀਆਂ ਜਾਣ। ਅੱਜ ਦੀ ਇੱਕਤਰਤਾ ਵਿੱਚ ਬੁਲਾਰਿਆਂ ਨੇ ਕੋਟਕਪੁਰਾ ਕਾਂਡ ਵਿੱਚ ਦੋਸ਼ੀ ਪਾਏ ਗਏ  ਬਾਦਲ ਪਰਿਵਾਰ ਅਤੇ  ਉੱਚ ਪੁਲਿਸ ਅਧਿਕਾਰੀ ਦੀ ਪੇਸ਼ੀ ਅਦਾਲਤ ਵਿੱਚ ਸੁਖਬੀਰ ਬਾਦਲ ਵੱਲੋਂ ਸ਼ਕਤੀ ਪ੍ਰਦਰਸ਼ਨ ਨੂੰ ਨਿੰਦਣਯੋਗ ਕਾਰਵਾਈ ਕਰਾਰ ਦਿੱਤਾ।ਅੱਜ ਇਹ ਵੀ ਫ਼ੈਸਲਾ ਕੀਤਾ ਗਿਆ ਕਿ  1 ਅਪ੍ਰੈਲ 2023 ਨੂੰ ਪੰਥ ਰਤਨ ਜਥੇਦਾਰ ਗੁਰਬਚਨ ਸਿੰਘ ਟੋਹੜਾ ਜੀ ਦੀ 19ਵੀਂ ਬਰਸੀ ਮੌਕੇ ਪਿੰਡ ਟੋਹੜੇ ਵਿਖੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਸੰਗਤਾਂ ਸਮੇਤ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰੇਗਾ। ਕਿਉਂਕਿ ਪੰਥ ਰਤਨ ਜਥੇਦਾਰ ਗੁਰਬਚਨ ਸਿੰਘ ਟੋਹੜਾ ਦੀ ਸਿੱਖ ਅਤੇ ਪੰਥ ਲਈ ਗੋਰਵਮਈ ਸੇਵਾ ਹੈ।ਇਸ ਇਕੱਤਰਤਾ ਵਿੱਚ ਸ. ਸੁਖਦੇਵ ਸਿੰਘ ਢੀਂਡਸਾ ਅਤੇ ਬੀਬੀ ਜਗੀਰ ਕੌਰ ਤੋਂ ਇਲਾਵਾ ਸ. ਜਗਮੀਤ ਸਿੰਘ ਬਰਾੜ,ਸ. ਪਰਮਿੰਦਰ ਸਿੰਘ ਢੀਂਡਸਾ, ਬੀਬੀ ਪਰਮਜੀਤ ਕੌਰ ਗੁਲਸ਼ਨ , ਸ. ਕਰਨੈਲ ਸਿੰਘ ਪੰਜੋਲੀ,ਸ. ਸਰਵਣ ਸਿੰਘ ਫ਼ਿਲੌਰ, ਸ. ਜਗਦੀਸ਼ ਸਿੰਘ ਗਰਚਾ ,ਸ. ਤੇਜਿੰਦਰਪਾਲ ਸਿੰਘ ਸੰਧੂ, ਸ. ਨਿਰਮੈਲ ਸਿੰਘ ਜੌਲਾ, ਸ. ਹਰਵੇਲ ਸਿੰਘ ਮਾਧੋਪੁਰ , ਸ. ਰਣਧੀਰ ਸਿੰਘ ਰੱਖੜਾ , ਸ. ਸੁਖਵੰਤ ਸਿੰਘ ਸਰਾਓ , ਸ. ਸੁਖਵਿੰਦਰ ਸਿੰਘ ਔਲਖ, ਸ. ਦਵਿੰਦਰ ਸਿੰਘ ਸੋਢੀ ਅਤੇ ਸ. ਜਸਵਿੰਦਰ ਸਿੰਘ (ਓਐਸਡੀ) ਨੇ ਸ਼ਮੂਲੀਅਤ ਕੀਤੀ ।