ਲੋਕਾਂ ਦੀਆਂ ਉਮੀਦਾਂ ‘ਤੇ ਖਰੇ ਉਤਰਦੇ ਹੋਏ ਸਿਹਤ ਖੇਤਰ ਵੱਲ ਧਿਆਨ ਦੇਣ ਭਗਵੰਤ ਮਾਨ : ਅਰਵਿੰਦ ਖੰਨਾ

  • ਕੀਤੇ ਦਾਅਵਿਆਂ ਨੂੰ ਪੂਰਾ ਕਰਨ ਲਈ ਗੰਭੀਰ ਹੋਣ ਮੁੱਖ ਮੰਤਰੀ : ਖੰਨਾ

ਚੰਡੀਗੜ੍ਹ, 29 ਜੂਨ : ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਕਿਹਾ ਕਿ ਪੰਜਾਬ ਵਿੱਚ ਸਿਹਤ ਅਤੇ ਸਿੱਖਿਆ ਵਿਵਸਥਾ ਨੂੰ ਸੁਧਾਰਨ ਲਈ ਵੱਡੇ ਪੱਧਰ ‘ਤੇ ਕਦਮ ਚੁੱਕਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਚੱਲ ਰਹੀਆਂ ਪੇਂਡੂ ਸਿਹਤ ਡਿਸਪੈਂਸਰੀਆਂ ਬੀਤੇ ਲੰਬੇ ਸਮੇਂ ਤੋਂ ਹੀ ਸਟਾਫ਼ ਅਤੇ ਹੋਰ ਜ਼ਰੂਰੀ ਸਹੂਲਤਾਂ ਦੀ ਕਮੀਂ ਨਾਲ ਜੂਝ ਰਹੀਆਂ ਹਨ। ਜਿਸ ਵੱਲ ਸਰਕਾਰ ਨੂੰ ਫੌਰੀ ਤੌਰ ‘ਤੇ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੀ ਤਰਜ਼ ‘ਤੇ ਸੂਬੇ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਆਮ ਆਦਮੀ ਕਲੀਨਿਕ ਖੋਲ੍ਹਣ ਦੀ ਬਜਾਏ ਪਹਿਲਾਂ ਤੋਂ ਚੱਲ ਰਹੀਆਂ ਡਿਸਪੈਂਸਰੀਆਂ, ਸਿਹਤ ਅਤੇ ਤੰਦਰੁਸਤੀ ਕੇਂਦਰਾਂ ਵਿੱਚ ਸੁਧਾਰ ਲਿਆਂਦਾ ਜਾਵੇ, ਨਵੇਂ ਦੇ ਚੱਕਰ ਵਿੱਚ ਪੁਰਾਣਿਆਂ ਨੂੰ ਅੱਖੋਂ ਪਰੋਖੇ ਨਾ ਕੀਤਾ ਜਾਵੇ। ਸਿਹਤ ਅਤੇ ਸਿੱਖਿਆ ਸਮਾਜ ਦੇ ਦੋ ਬੁਨਿਆਦੀ ਖੇਤਰ ਹੁੰਦੇ ਹਨ ਜਿਨ੍ਹਾਂ ਦਾ ਵਿਕਾਸ ਕਰਨਾ ਹਰ ਸੂਬਾ ਸਰਕਾਰ ਦਾ ਮੁੱਖ ਫਰਜ਼ ਹੋਣਾ ਚਾਹੀਦਾ ਪਰ ਭਗਵੰਤ ਮਾਨ ਤੋਂ ਲੋਕਾਂ ਨੂੰ ਜੋ ਆਸ ਸੀ ਉਹ ਹਾਲੇ ਤੱਕ ਪੂਰੀ ਨਹੀਂ ਹੋ ਰਹੀ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਆਪਣੇ ਕੀਤੇ ਦਾਅਵਿਆਂ ਦੀ ਪੂਰਤੀ ਲਈ ਗੰਭੀਰ ਹੋ ਕੇ ਕੰਮ ਕਰਨ ਤਾਂ ਜੋ ਸੂਬੇ ਦੇ ਲੋਕਾਂ ਨੇ ਜੋ ਸੋਚ ਕੇ ਉਹਨਾਂ ਨੂੰ ਚੁਣਿਆ ਹੈ ਉਸ ਉੱਪਰ ਅੱਗੇ ਜਾ ਕੇ ਉਹਨਾਂ ਨੂੰ ਪਛਤਾਉਣਾ ਨਾ ਪਵੇ। ਉਨ੍ਹਾਂ ਕਿਹਾ ਕਿ ਸੂਬੇ ਦੇ ਬਹੁ ਪੱਖੀ ਵਿਕਾਸ ਲਈ ਵਿਰੋਧੀ ਧਿਰਾਂ ਨੂੰ ਨਾਲ ਲੈ ਕੇ ਉਸਾਰੂ ਫ਼ੈਸਲੇ ਲੈਣੇ ਚਾਹੀਦੇ ਹਨ ਤਾਂ ਜੋ ਪੰਜਾਬ ਦੀ ਬਿਹਤਰੀ ਲਈ ਰੱਲ ਕੇ ਕੰਮ ਕੀਤਾ ਜਾ ਸਕੇ। ਇੱਕ ਦੂਜੇ ਦੇ ਸਾਥ ਤੇ ਸੁਝਾਵਾਂ ਨਾਲ ਹੀ ਅਸੀਂ ਪੰਜਾਬ ਨੂੰ ਹੋਰ ਬਿਹਤਰ ਬਣਾ ਸਕਦੇ ਹਾਂ ਤੇ ਪੰਜਾਬੀਆਂ ਨੂੰ ਉੱਚ ਪੱਧਰੀ ਸਹੂਲਤਾਂ ਦੇ ਸਕਦੇ ਹਾਂ।