ਪੰਥ ਤੇ ਪੰਜਾਬ ਦੀ ਸੰਘਰਸ਼ਸ਼ੀਲ ਪੰਥਕ ਧਿਰ ਪੰਜਾਬ ਬੋਲਦਾ ਪ੍ਰੋਗਰਾਮ ਵਿੱਚ ਸ਼ਾਮਲ ਹੋਵੇਗੀ : ਭਾਈ ਮੋਹਕਮ ਸਿੰਘ

ਚੰਡੀਗੜ੍ਹ, 29 ਅਕਤੂਬਰ : ਪੰਜਾਬ ਸਰਕਾਰ ਵਲੋਂ ਪਹਿਲੀਂ ਨਵੰਬਰ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ” ਮੈਂ ਪੰਜਾਬ ਬੋਲਦਾ ” ਪ੍ਰੋਗਰਾਮ ਵਿੱਚ ਭਾਈ ਮੋਹਕਮ ਸਿੰਘ ਦੀ ਅਗਵਾਈ ਵਿੱਚ ਪੰਥ ਤੇ ਪੰਜਾਬ ਦੀ ਮੁੱਖ ਸੰਘਰਸਸ਼ੀਲ ਪੰਥਕ ਧਿਰ ਨੇ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ। ਅੱਜ ਇਥੇ ਪਿਛਲੇ ਸਮੇਂ 1976 ਤੋਂ ਸਤਲੁਜ ਜਮਨਾ ਲਿੰਕ ਨਹਿਰ ਨੂੰ ਰੋਕਣ, ਪੰਥ ਤੇ ਪੰਜਾਬ ਦੇ ਹਿੱਤਾਂ ਲਈ ਨਿਰੰਤਰ ਸੰਘਰਸ਼ ਕਰਨ ਵਾਲੀ , ਕੁਰਬਾਨੀਆਂ ਕਰਨ, ਜੇਲ੍ਹਾਂ ਕੱਟਣ ਵਾਲੀ, ਸ਼ਹਾਦਤਾਂ ਦੇਣ ਵਾਲ਼ੀ , ਨਹਿਰ ਪੁੱਟਣ ਵਾਲਿਆਂ ਨੂੰ ਦਿਨੇਂ ਤਾਰੇ ਵਿਖਾਉਂਣ ਵਾਲੀ ਅਤੇ ਮੋਰਚੇ ਲਾਉਣ ਵਾਲੀ ਸਿੱਖ ਕੌਮ ਦੀ ਸੰਘਰਸ਼ਸ਼ੀਲ ਪੰਥਕ ਧਿਰ ਦੇ ਚੋਟੀ ਦੇ ਆਗੂਆਂ ਦੀ ਇੱਕ ਵਿਸ਼ੇਸ਼ ਹੰਗਾਮੀ ਮੀਟਿੰਗ ਸਤਲੁਜ ਜਮਨਾ ਲਿੰਕ ਨਹਿਰ ਦੇ ਤਾਜ਼ਾ ਚਲਦੇ ਭਖਦੇ ਮਸਲੇ ਨੂੰ ਲੈ ਕੇ ਹੋਈ । ਮੀਟਿੰਗ ਵਿੱਚ ਇਹ ਤੱਥ ਉੱਭਰਕੇ ਸਾਹਮਣੇ ਆਇਆ ਕਿ ਜੋ ਕੁੱਝ ਸਿਆਸੀ ਪਾਰਟੀਆਂ ਵਲੋਂ ਪਾਣੀਆਂ ਦੇ ਮਸਲੇ ਤੇ ਬਹਿਸ ਕਰਨ ਤੇ ਬਹਿਸ ਵਿੱਚ ਸ਼ਾਮਲ ਹੋਣ ਦੇ ਸਿਆਸੀ ਡਰਾਮੇ ਕਰਕੇ ਹਰ ਕੋਈ ਆਪਣੇ ਆਪ ਨੂੰ ਦੁੱਧ ਧੋਤਾ ਸਾਬਿਤ ਕਰਨ ਦੀ ਕੋਸ਼ਿਸ਼ ਰਿਹਾ ਹੈ । ਸੰਘਰਸ਼ਸ਼ੀਲ ਪੰਥਕ ਧਿਰ ਇਹਨਾਂ ਸਿਆਸੀ ਡਰਾਮਿਆਂ ਨੂੰ ਮੂਲੋਂ ਮੁੱਢੋ ਰੱਦ ਕਰਦੀ ਹੈ ਅਤੇ ਇਹ ਸਾਬਿਤ ਕਰਦੀ ਹੈ ਕਿ ਇਹਨਾਂ ਸਭ ਸਿਆਸੀ ਪਾਰਟੀਆਂ ਤੇ ਪੰਜਾਬੀ ਦੀ ਇਹ ਕਹਾਵਤ ” ਚਾਚਾ ਤੂੰ ਵੀ ਚੌਰ ਤੇ ਮੈਂ ਵੀ ਚੌਰ ” ਪੂਰੀ ਤਰ੍ਹਾਂ ਢੁੱਕਦੀ ਹੈ। ਚੌਰ , ਚੌਰ ਨੂੰ ਨਿਰਦੋਸ਼ ਸਾਬਤ ਕਰਨ ਲੱਗ ਪਏ ਹਨ । ਇਹਨਾਂ ਸਿਆਸੀ ਪਾਰਟੀਆਂ ਨੇ ਪੰਜਾਬ ਦੇ ਹਿੱਤਾਂ ਨੂੰ ਕੇਂਦਰ ਸਰਕਾਰ ਕੋਲ ਵੇਚਕੇ, ਗਿਰਵੀ ਰੱਖਕੇ ਪੰਜਾਬ ਦੇ ਰਾਜ ਭਾਗ ਹਾਸਲ ਕਰਕੇ ਤੇ ਨਿੱਜੀ ਮੋਟੇ ਵਪਾਰਕ ਫਾਇਦੇ ਕੇਂਦਰ ਸਰਕਾਰ ਤੋਂ ਲਏ । ਬਹਿਸ ਵਿੱਚ ਸ਼ਾਮਲ ਹੋ ਕੇ ਸੰਘਰਸ਼ਸ਼ੀਲ ਪੰਥਕ ਧਿਰ ਇਹ ਦੱਸੇਗੀ ਕਿ ਪਾਣੀਆਂ ਦੇ ਮੁੱਦੇ ਤੇ ਕਿੰਨਾਂ ਪੰਜਾਬ ਨਾਲ਼ ਗਦਾਰੀਆਂ ਕੀਤੀਆਂ ਤੇ ਪੰਜਾਬ ਨਾਲ਼ ਧ੍ਰੋਹ ਕਮਾਇਆ , ਸਭ ਨੂੰ ਬੇਨਕਾਬ ਕਰੇਗੀ। ਖ਼ਾਸਕਰ ਸਾਬਕਾ ਮੁੱਖ ਮੰਤਰੀ ਦਰਬਾਰਾ ਸਿੰਘ , ਸ ਪ੍ਰਕਾਸ਼ ਸਿੰਘ ਬਾਦਲ , ਰਾਜੀਵ ਲੋਂਗੋਵਾਲ ਸਮਝੌਤੇ ਵਿੱਚ ਸ਼ਾਮਲ ਧਿਰ , ਕੈਪਟਨ ਅਮਰਿੰਦਰ ਸਿੰਘ ਦੇ ਸਤਲੁਜ ਜਮਨਾ ਲਿੰਕ ਨਹਿਰ ਬਾਰੇ ਕੱਚੇ ਚਿੱਠੇ ਲੋਕਾਂ ਦੀ ਕਚਹਿਰੀ ਵਿੱਚ ਫਰੋਲੇ ਜਾਣਗੇ। ਪੰਜਾਬ ਦੇ ਪਾਣੀਆਂ ਦੇ ਪਾਪਾਂ ਦੀ ਜੜ੍ਹ ਸ ਦਰਬਾਰਾ ਸਿੰਘ, ਸ ਪ੍ਰਕਾਸ਼ ਸਿੰਘ ਬਾਦਲ , ਸੁਰਜੀਤ ਸਿੰਘ ਬਰਨਾਲਾ ਤੇ ਕੈਪਟਨ ਅਮਰਿੰਦਰ ਸਿੰਘ ਸਨ ਤੇ ਹਨ ।ਅੱਜ ਇਹਨਾਂ ਦੇ ਵਾਰਸ ਕਿਹੜੇ ਮੂੰਹ ਤੇ ਜ਼ਬਾਨ ਨਾਲ਼ ਬਹਿਸਾਂ ਕਰ ਰਹੇ ਹਨ । ਇਹਨਾਂ ਲੋਕਾਂ ਨੂੰ ਗਲਾਂ ਵਿੱਚ ਮਾਫ਼ੀ ਦੀਆਂ ਤਖ਼ਤੀਆਂ ਲਟਕਾਕੇ ਪੰਜਾਬੀਆਂ ਤੋਂ ਪਹਿਲਾਂ ਮਾਫ਼ੀ ਮੰਗਣੀ ਚਾਹੀਦੀ ਹੈ। ਅੱਜ ਦੀ ਮੀਟਿੰਗ ਵਿੱਚ ਭਾਈ ਮੋਹਕਮ ਸਿੰਘ , ਮਨਜੀਤ ਸਿੰਘ ਭੋਮਾ , ਸਤਨਾਮ ਸਿੰਘ ਮਨਾਵਾਂ , ਸ ਬੇਅੰਤ ਸਿੰਘ ਖਿਆਲਾ ਭਰਾਤਾ ਅਮਰ ਸ਼ਹੀਦ ਜਨਰਲ ਸੁਬੇਗ ਸਿੰਘ ਜੀ, ਦਲਜੀਤ ਸਿੰਘ ਪਾਖਰਪੁਰਾ , ਹੈਡਮਾਸਟਰ ਪਲਵਿੰਦਰ ਸਿੰਘ, ਡਾਕਟਰ ਲਖਵਿੰਦਰ ਸਿੰਘ ਢਿੰਗਨੰਗਲ, ਪਲਵਿੰਦਰ ਸਿੰਘ ਪੰਨੂ , ਕਰਮਵੀਰ ਸਿੰਘ ਪੰਨੂ , ਸਿਕੰਦਰ ਸਿੰਘ ਵਰਾਣਾ , ਜਥੇਦਾਰ ਦੀਦਾਰ ਸਿੰਘ ਚੌਧਰਪੁਰਾ , ਸੁਰਿੰਦਰ ਸਿੰਘ ਤਾਲਿਬਪੁਰਾ , ਪਰਮਜੀਤ ਸਿੰਘ ਜਿੱਜੇਆਣੀ , ਬਲਦੇਵ ਸਿੰਘ ਅਦਲੀਵਾਲਾ, ਰਛਪਾਲ ਸਿੰਘ ਆਦਿ ਆਗੂ ਹਾਜਰ ਸਨ।