“ਹੁਣ ਪ੍ਰਧਾਨ ਮੰਤਰੀ ਇੱਕ ਨਵਾਂ ਨੋਟ ਲਿਆਉਣਗੇ, ਜਿਸ ‘ਤੇ ਉਹ ਆਪਣੀ ਫੋਟੋ ਲਗਾਉਣਗੇ।” : ਰਾਜਾ ਵੜਿੰਗ

ਚੰਡੀਗੜ੍ਹ, 21 ਮਈ : 2000 ਦੇ ਨੋਟ ਬੰਦ ਕਰਨ ‘ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਵਾਲ ਉਠਾਉਂਦਿਆਂ ਕੇਂਦਰ ਦੀ ਮੋਦੀ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਿਆ। ਵੜਿੰਗ ਨੇ ਕਿਹਾ ਕਿ “ਹੁਣ ਉਹ (ਪ੍ਰਧਾਨ ਮੰਤਰੀ) ਇੱਕ ਨਵਾਂ ਨੋਟ ਲਿਆਉਣਗੇ, ਜਿਸ ‘ਤੇ ਉਹ ਆਪਣੀ ਫੋਟੋ ਲਗਾਉਣਗੇ।” ਵੜਿੰਗ ਨੇ ਅੱਗੇ ਕਿਹਾ, ‘2016 ਦੇ ਨੋਟਬੰਦੀ ਤੋਂ ਬਾਅਦ 2,000 ਰੁਪਏ ਦੇ ਨੋਟ ਬਣਾਉਣ ਲਈ ਲੱਖਾਂ ਰੁਪਏ ਖਰਚ ਕੀਤੇ ਗਏ। ਹੁਣ ਇਹ ਨੋਟ ਵੀ ਬੰਦ ਕਰ ਦਿੱਤਾ ਗਿਆ ਹੈ। ਵੜਿੰਗ ਇਥੇ ਹੀ ਨਹੀਂ ਰੁਕੇ। ਡਾਲਰ ਨਾਲ ਰੁਪਏ ਦੀ ਤੁਲਨਾ ਕਰਦਿਆਂ ਉਨ੍ਹਾਂ ਕਿਹਾ ਕਿ ‘ਅੱਜ ਡਾਲਰ ਦੇ ਮੁਕਾਬਲੇ ਰੁਪਿਆ ਕਿੱਥੇ ਪਹੁੰਚ ਗਿਆ ਹੈ। ਇੱਕ ਡਾਲਰ 85 ਰੁਪਏ ਹੋ ਗਿਆ ਹੈ। 10 ਸਾਲ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਡਾਲਰ ਦਾ ਰੇਟ 45 ਰੁਪਏ ਪ੍ਰਤੀ ਡਾਲਰ ਸੀ, ਜੋ ਅੱਜ 85 ਰੁਪਏ ਤੱਕ ਪਹੁੰਚ ਗਿਆ ਹੈ। ਉਨ੍ਹਾਂ ਨੂੰ ਹਰ ਫੀਲਡ ਦੀ ਜਾਣਕਾਰੀ ਨਹੀਂ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪਹਿਲਾਂ ਖੇਤੀ ਕਾਨੂੰਨ ਬਣਾਏ ਗਏ ਅਤੇ ਫਿਰ ਇੱਕ ਸਾਲ ਬਾਅਦ ਖੇਤੀ ਕਾਨੂੰਨ ਵਾਪਸ ਲੈ ਲਏ ਗਏ। ਦੇਸ਼ ਦੇ ਕਿਸਾਨਾਂ ਨੂੰ ਇੱਕ ਸਾਲ ਤੱਕ ਦਿੱਲੀ ਦੀ ਸਰਹੱਦ ‘ਤੇ ਬਿਠਾਈ ਰੱਖਿਆ ਗਿਆ। ਦੇਸ਼ ਵਿੱਚ ਨਵੀਂ ਸੰਸਦ ਦੀ ਸਥਾਪਨਾ ਕੀਤੀ ਗਈ ਹੈ, ਇਸ ‘ਤੇ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ। ਪਰ ਉਸ ਪਾਰਲੀਮੈਂਟ ਵਿੱਚ ਬੋਲਣ ਦਾ ਅਧਿਕਾਰ ਕਿਸੇ ਨੂੰ ਨਹੀਂ ਹੈ, ਜਦੋਂ ਕਿ ਦੇਸ਼ ਦੇ ਲੋਕਾਂ ਵੱਲੋਂ ਚੁਣੇ ਗਏ ਲੋਕਾਂ ਨੂੰ ਸੰਸਦ ਵਿੱਚ ਬੋਲਣ ਦਾ ਅਧਿਕਾਰ ਹੋਣਾ ਚਾਹੀਦਾ ਹੈ। ਦੱਸ ਦੇਈਏ ਕਿ 19 ਮਈ ਨੂੰ ਇੱਕ ਵੱਡਾ ਫੈਸਲਾ ਲੈਂਦੇ ਹੋਏ ਰਿਜ਼ਰਵ ਬੈਂਕ ਨੇ 2,000 ਰੁਪਏ ਦੇ ਨੋਟ ਨੂੰ ਸਰਕੂਲੇਸ਼ਨ ਤੋਂ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਰਿਜ਼ਰਵ ਬੈਂਕ ਮੁਤਾਬਕ 2 ਹਜ਼ਾਰ ਦੇ ਨੋਟ 30 ਸਤੰਬਰ ਤੱਕ ਵੈਧ ਰਹਿਣਗੇ। ਬੈਂਕ ਦੇ ਇਸ ਫੈਸਲੇ ਤੋਂ ਬਾਅਦ ਕਾਂਗਰਸ ਨੇਤਾਵਾਂ ਵਲੋਂ ਮੋਦੀ ਸਰਕਾਰ ‘ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ ਜਾ ਰਿਹਾ ਹੈ। ਜੈਰਾਮ ਰਮੇਸ਼, ਪਵਨ ਖੇੜਾ, ਗੌਰਵ ਬੱਲਭ ਸਮੇਤ ਸਾਰੇ ਕਾਂਗਰਸੀ ਨੇਤਾਵਾਂ ਨੇ ਮੋਦੀ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਿਆ ਹੈ।