ਕਿਸਾਨਾਂ ਦੇ ਨੁਕਸਾਨ ਦਾ ਜਾਇਜਾ ਲੈਣ ਲਈ ਕੋਈ ਅਧਿਕਾਰੀ ਉਨ੍ਹਾਂ ਤੱਕ ਨਹੀ ਪਹੁੰਚਿਆ ਹੈ : ਸੁਖਦੇਵ ਢੀਂਡਸਾ

ਚੰਡੀਗੜ੍ਹ, 5 ਅਪ੍ਰੈਲ : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਸ: ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸੂਬੇ ਵਿਚ ਨੁਕਸਾਨੀਆਂ ਫਸਲਾਂ ਲਈ ਜਿੱਥੇ ਮਾਨ ਸਰਕਾਰ ਵਲੋਂ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਦਿੱਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਥੇ ਜ਼ਮੀਨੀ ਰਿਪੋਰਟਾਂ ਮੁਤਾਬਕ ਕਿਸਾਨਾਂ ਦੇ ਨੁਕਸਾਨ ਦਾ ਜਾਇਜਾ ਲੈਣ ਲਈ ਅਜੇ ਤੱਕ ਕੋਈ ਅਧਿਕਾਰੀ ਉਨ੍ਹਾਂ ਤੱਕ ਨਹੀ ਪਹੁੰਚਿਆ ਹੈ। ਉਨ੍ਹਾਂ ਦੱਸਿਆ ਕਿ ਸੰਗਰੂਰ ਜ਼ਿਲ੍ਹੇ ਵਿਚ ਕਈਂ ਕਿਸਾਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਪਤਾ ਲੱਗਾ ਹੈ ਕਿ ਇਥੇ ਪਟਵਾਰੀ ਹੁਣ ਤੱਕ ਨੁਕਸਾਨ ਦਾ ਜਾਇਜਾ ਲੈਣ ਤੱਕ ਨਹੀ ਪੁੱਜੇ ਹਨ ਅਤੇ ਫਸਲਾਂ ਦੇ ਨੁਕਸਾਨ ਦਾ ਮੁਲਾਂਕਣ ਕੀਤੇ ਬਿਨਾਂ ਰਿਪੋਰਟਾਂ ਤਿਆਰ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਨੁਕਸਾਨ ਬਹੁਤ ਜ਼ਿਆਦਾ ਹੈ ਇਸ ਲਈ ਅਧਿਕਾਰੀਆਂ ਦੇ ਮੌਕੇ `ਤੇ ਜਾਏ ਬਿਨਾਂ ਕਿਸਾਨਾਂ ਦੇ ਅਸਲ ਨੁਕਸਾਨ ਦਾ ਪਤਾ ਨਹੀ ਲਗਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਹਵਾ ਵਿਚ ਕਿਸਾਨਾਂ ਨੂੰ ਫਸਲਾਂ ਦੇ ਨੁਕਸਾਨ ਦੀ ਜਲਦ ਭਰਭਾਈ ਕਰਨ ਦੇ ਦਾਅਵੇ ਕਰ ਰਹੀ ਹੈ ਪਰ ਜ਼ਮੀਨੀ ਪੱਧਰ `ਤੇ ਅਸਲੀਅਤ ਉਸ ਦੇ ਉਲਟ ਹੀ ਦਿਖਾਈ ਦੇ ਰਹੀ ਹੈ। ਸ: ਸੁਖਦੇਵ ਸਿੰਘ ਢੀਂਡਸਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਿਥੇ ਕਿਸਾਨਾਂ ਨੂੰ ਮੁਆਵਜਾ ਤੁਰੰਤ ਦਿੱਤਾ ਜਾਵੇ, ਉਥੇ ਹੀ ਅਧਿਕਾਰੀਆਂ ਨੂੰ ਵੀ ਨੁਕਸਾਨ ਦਾ ਜਾਇਜਾ ਲੈਣ ਲਈ ਭੇਜਿਆ ਜਾਵੇ ਤਾਂਕਿ ਨੁਕਸਾਨ ਬਾਰੇ ਸਹੀ ਰਿਪੋਰਟ ਤਿਆਰ ਹੋ ਸਕੇ ਅਤੇ ਕਿਸਾਨਾਂ ਨੂੰ ਉਚਿਤ ਮੁਆਵਜ਼ਾ ਮਿਲ ਸਕੇ।