ਐਨ.ਆਈ.ਏ.ਨੇ ਅੰਮ੍ਰਿਤਪਾਲ ਸਿੰਘ ਦੀ 1.25 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਕੀਤੀ ਜ਼ਬਤ 

ਤਰਨਤਾਰਨ, 10 ਨਵੰਬਰ : ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਨੇ ਅਫਗਾਨ ਡਰੱਗ ਤਸਕਰੀ ਚੇਨ ਦੇ ਸਰਗਨਾ ਅੰਮ੍ਰਿਤਪਾਲ ਸਿੰਘ ਦੀ 1.25 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੀ ਹੈ। ਅੰਮ੍ਰਿਤਪਾਲ ਦੀ ਇਹ ਜਾਇਦਾਦ ਪੰਜਾਬ ਦੇ ਤਰਨਤਾਰਨ ਵਿੱਚ ਹੈ ਅਤੇ ਇਸ ਦੀ ਕੀਮਤ ਲਗਭਗ 1 ਕਰੋੜ 34 ਲੱਖ ਰੁਪਏ ਹੈ। ਪਿਛਲੇ ਸਾਲ ਐਨਆਈਏ ਨੇ 103 ਕਿਲੋ ਹੈਰੋਇਨ ਦੀ ਤਸਕਰੀ ਨਾਲ ਸਬੰਧਤ ਇੱਕ ਰੈਕੇਟ ਦਾ ਪਰਦਾਫਾਸ਼ ਕਰਕੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ। ਜ਼ਬਤ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਜ਼ਾਰ ਵਿੱਚ ਕੀਮਤ ਕਰੀਬ 700 ਕਰੋੜ ਰੁਪਏ ਸੀ। ਇਸ ਮਾਮਲੇ 'ਚ ਕਈ ਅਫਗਾਨ ਨਾਗਰਿਕਾਂ ਦੇ ਨਾਂ ਵੀ ਨਾਮਜ਼ਦ ਕੀਤੇ ਗਏ ਸਨ।ਐਨਆਈਏ ਅਨੁਸਾਰ ਇਸ ਗਰੋਹ ਦਾ ਸਰਗਨਾ ਅੰਮ੍ਰਿਤਪਾਲ, ਜੋ ਤਰਨਤਾਰਨ ਦਾ ਵਸਨੀਕ ਹੈ, ਦੀ ਨਾਜਾਇਜ਼ ਢੰਗ ਨਾਲ ਬਣਾਈ ਜਾਇਦਾਦ ਜ਼ਬਤ ਕੀਤੀ ਗਈ ਸੀ। ਐਨਆਈਏ ਨੇ ਇੱਕ ਬਿਆਨ ਵਿੱਚ ਕਿਹਾ ਕਿ ਪਿਛਲੇ ਸਾਲ 22 ਅਪ੍ਰੈਲ ਨੂੰ ਅੰਮ੍ਰਿਤਸਰ ਦੇ ਅਟਾਰੀ ਬਾਰਡਰ 'ਤੇ ਸਥਿਤ ਕਸਟਮ ਵਿਭਾਗ ਦੀ ਏਕੀਕ੍ਰਿਤ ਚੈੱਕ ਪੋਸਟ (ਆਈਸੀਪੀ) ਰਾਹੀਂ ਅਫਗਾਨਿਸਤਾਨ ਤੋਂ ਹੈਰੋਇਨ ਦੀ ਇੱਕ ਖੇਪ ਭਾਰਤ ਲਿਆਂਦੀ ਗਈ ਸੀ। ਇਹ ਨਸ਼ਾ ਬੜੀ ਚਲਾਕੀ ਨਾਲ ਮੁਲੱਠੀ ਦੀਆਂ ਜੜ੍ਹਾਂ ਦੀ ਖੇਪ ਵਿੱਚ ਛੁਪਾ ਕੇ ਲਿਆਂਦਾ ਗਿਆ ਸੀ।