ਜਾਅਲੀ ਡਿਗਰੀ ਦੋਸ਼ ਵਿੱਚ ਗ੍ਰਿਫ਼ਤਾਰ ਪ੍ਰਿੰਸੀਪਲ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਰਾਡਾਰ ਤੇ ਕਈ ਹੋਰ ਅਧਿਆਪਕ

ਚੰਡੀਗੜ੍ਹ, 18 ਜੁਲਾਈ : ਪੰਜਾਬ ਵਿਜੀਲੈਂਸ ਬਿਊਰੋ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਫੇਜ਼-11, ਐਸਏਐਸ ਨਗਰ (ਮੋਹਾਲੀ) ਵਿਖੇ ਤਾਇਨਾਤ ਪ੍ਰਿੰਸੀਪਲ ਪਰਮਜੀਤ ਕੌਰ ਨੂੰ ਜਾਅਲੀ ਡਿਗਰੀ ਦੇ ਆਧਾਰ ਤੇ ਸਰਕਾਰੀ ਨੌਕਰੀ ਲੈਣ ਤੇ ਤਰੱਕੀ ਹਾਸਲ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਇਸ ਮਗਰੋਂ ਸਿੱਖਿਆ ਵਿਭਾਗ ਵਿੱਚ ਹੜਕੰਪ ਮੱਚ ਗਿਆ ਹੈ। ਵਿਜੀਲੈਂਸ ਬਿਊਰੋ ਦੀ ਰਾਡਾਰ ਉੱਪਰ ਹੁਣ ਹੋਰ ਕਈ ਅਧਿਆਪਕ ਹਨ ਜਿਨ੍ਹਾਂ ਵਿਰੁੱਧ ਐਕਸ਼ਨ ਹੋ ਸਕਦਾ ਹੈ। ਹਾਸਲ ਜਾਣਕਾਰੀ ਮੁਤਾਬਕ ਲੁਧਿਆਣਾ ਜ਼ਿਲ੍ਹੇ ਦੇ 13 ਸਰਕਾਰੀ ਅਧਿਆਪਕ ਵਿਜੀਲੈਂਸ ਦੇ ਰਾਡਾਰ 'ਤੇ ਹਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੇਜ਼-11 ਵਿਖੇ ਤਾਇਨਾਤ ਪ੍ਰਿੰਸੀਪਲ ਦੀ ਗ੍ਰਿਫਤਾਰੀ ਮਗਰੋਂ 12 ਹੋਰ ਅਧਿਆਪਕਾਂ ਦੇ ਨਾਂ ਸਾਹਮਣੇ ਆਏ ਹਨ। ਇਨ੍ਹਾਂ ਸਾਰੇ ਅਧਿਆਪਕਾਂ ਨੇ ਮਗਧ ਵਿਸ਼ਵਵਿਦਿਆਲਿਆ ਤੇ ਬੁੰਦੇਲਖੰਡ ਤੋਂ ਡਿਗਰੀਆਂ ਹਾਸਲ ਕੀਤੀਆਂ ਹਨ। ਇਹ ਵੀ ਅਹਿਮ ਹੈ ਕਿ ਇਹ ਸਾਰੇ ਡਿਗਰੀ ਧਾਰਕ ਸਾਬਕਾ ਸਿੱਖਿਆ ਮੰਤਰੀ ਤੋਤਾ ਸਿੰਘ ਦੇ ਸਮੇਂ ਭਰਤੀ ਹੋਏ ਸਨ। ਪੰਜਾਬ ਅਗੇਂਸਟ ਕੁਰੱਪਸ਼ਨ ਦੇ ਮੈਂਬਰ ਸਤਨਾਮ ਮੁਤਾਬਕ 2004 ਵਿੱਚ ਸਿੱਖਿਆ ਵਿਭਾਗ ਦੇ ਤਤਕਾਲੀ ਡਿਪਟੀ ਡਾਇਰੈਕਟਰ ਅਜਮੇਰ ਸਿੰਘ ਨੇ ਮਗਧ ਵਿਸ਼ਵਵਿਦਿਆਲਿਆ ਤੋਂ ਡਿਗਰੀਆਂ ਲੈਣ ਵਾਲੇ ਅਧਿਆਪਕਾਂ ਦੀ ਜਾਂਚ ਲਈ ਇੱਕ ਕਮੇਟੀ ਬਣਾਈ ਸੀ। ਅਜਮੇਰ ਸਿੰਘ ਉਸ ਕਮੇਟੀ ਦੇ ਚੇਅਰਪਰਸਨ ਸਨ। ਉਨ੍ਹਾਂ ਨੇ 6 ਸਾਲ ਤੱਕ ਇਨ੍ਹਾਂ ਫਰਜ਼ੀ ਡਿਗਰੀਆਂ ਦੀ ਜਾਂਚ ਕੀਤੀ। ਮਗਧ ਵਿਸ਼ਵ ਵਿਦਿਆਲਿਆ ਤੋਂ ਕੁੱਲ 69 ਡਿਗਰੀਆਂ ਦਾ ਰਿਕਾਰਡ ਮੰਗਿਆ ਗਿਆ ਸੀ। ਯੂਨੀਵਰਸਿਟੀ ਨੇ 69 ਡਿਗਰੀਆਂ ਵਿੱਚੋਂ 13 ਡਿਗਰੀਆਂ ਦਾ ਰਿਕਾਰਡ ਦੇਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਇਹ ਸਾਰੀਆਂ ਡਿਗਰੀਆਂ ਸਿਆਸੀ ਪ੍ਰਭਾਵ ਕਾਰਨ ਸਾਹਮਣੇ ਨਹੀਂ ਆ ਸਕੀਆਂ। ਯੂਨੀਵਰਸਿਟੀ ਨੇ ਉਸ ਸਮੇਂ ਜੋ 56 ਡਿਗਰੀਆਂ ਦਾ ਰਿਕਾਰਡ ਮੁਹੱਈਆ ਕਰਵਾਇਆ ਸੀ, ਉਹ ਸਾਰੀਆਂ ਜਾਅਲੀ ਪਾਈਆਂ ਗਈਆਂ ਸੀ। ਉਸ ਸਮੇਂ ਦੀ ਸਰਕਾਰ ਨੇ ਇਹ ਜਾਅਲੀ ਡਿਗਰੀਆਂ ਹਾਸਲ ਕਰਨ ਵਾਲੇ ਅਧਿਆਪਕਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਸੀ। ਹਾਸਲ ਜਾਣਕਾਰੀ ਮੁਤਾਬਕ ਅਜਮੇਰ ਸਿੰਘ 2009 ਵਿੱਚ ਸੇਵਾਮੁਕਤ ਹੋ ਗਏ ਸਨ। ਇਸ ਮਗਰੋਂ ਮਿਲੀਭੁਗਤ ਨਾਲ ਫਾਈਲ ਦਬਾ ਦਿੱਤੀ ਗਈ ਸੀ। ਹੁਣ ਜਦੋਂ ਆਰਟੀਆਈ ਤਹਿਤ ਉਕਤ ਸਾਰੇ ਅਧਿਆਪਕਾਂ ਦਾ ਰਿਕਾਰਡ ਮੰਗਿਆ ਗਿਆ ਤਾਂ ਯੂਨੀਵਰਸਿਟੀ ਵੱਲੋਂ ਰਿਕਾਰਡ ਗੁੰਮ ਹੋਣ ਦਾ ਹਵਾਲਾ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਵਿਜੀਲੈਂਸ ਨੇ ਪ੍ਰਿੰਸੀਪਲ ਪਰਮਜੀਤ ਕੌਰ ਤੋਂ ਪੁੱਛਗਿੱਛ ਜਾਰੀ ਰੱਖੀ, ਜਿਸ ਤੋਂ ਬਾਅਦ ਖੁਲਾਸਾ ਹੋਇਆ ਹੈ ਕਿ ਉਸ ਨੇ ਫਰਜ਼ੀ ਡਿਗਰੀ ਦੇ ਕੇ ਸਰਕਾਰੀ ਨੌਕਰੀ ਲਈ ਸੀ। ਇਸ ਬਾਰੇ ਸਤਨਾਮ ਸਿੰਘ ਨੇ ਦੱਸਿਆ ਕਿ 13 ਡਿਗਰੀਆਂ ਜਿਨ੍ਹਾਂ ਦਾ ਰਿਕਾਰਡ ਉਸ ਸਮੇਂ ਨਹੀਂ ਮਿਲਿਆ ਸੀ, ਦੇ ਨਾਂ ਅੱਜ ਸਾਹਮਣੇ ਆਏ ਹਨ। ਪਰਮਜੀਤ ਕੌਰ ਵੀ ਉਨ੍ਹਾਂ 13 ਡਿਗਰੀ ਧਾਰਕਾਂ ਵਿੱਚ ਸ਼ਾਮਲ ਹੈ। ਇਸ ਲਈ ਹੁਣ ਇਹ ਜ਼ਰੂਰੀ ਹੋ ਗਿਆ ਹੈ ਕਿ ਪੰਜਾਬ ਸਰਕਾਰ 12 ਅਧਿਆਪਕਾਂ ਦੀ ਡੂੰਘਾਈ ਨਾਲ ਜਾਂਚ ਕਰਵਾ ਕੇ ਮਾਮਲੇ ਦਾ ਪਰਦਾਫਾਸ਼ ਕਰੇ। ਆਰਟੀਆਈ ਵਿਭਾਗ ਨੇ ਪੰਜਾਬ ਸਰਕਾਰ ਤੇ ਵਿਜੀਲੈਂਸ ਨੂੰ ਬਾਕੀ 12 ਡਿਗਰੀ ਹੋਲਡਰ ਅਧਿਆਪਕਾਂ ਦੀ ਵੀ ਜਾਂਚ ਕਰਨ ਦਾ ਸੁਝਾਅ ਦਿੱਤਾ ਹੈ, ਤਾਂ ਜੋ ਸੱਚਾਈ ਸਾਹਮਣੇ ਆ ਸਕੇ।