ਐਸਆਈਟੀ ਅੱਗੇ ਨਾ ਪੇਸ਼ ਹੋਣ ਬਾਰੇ ਬਿਕਰਮ ਮਜੀਠੀਆ ਨੇ ਲਿਖਿਆ ਪੱਤਰ, ਦੱਸਿਆ ਕਾਰਨ

  • ਮੇਰੇ ਖਿਲਾਫ ਸੁਪਰੀਮ ਕੋਰਟ ’ਚ ਦਾਇਰ ਐਸਐਲਪੀ ਦੇ ਮਾਮਲੇ ’ਚ ਆਪਣੇ ਵਕੀਲਾਂ ਦੀ ਸਹਾਇਤਾ ਲਈ ਮੈਂ ਦਿੱਲੀ ’ਚ ਹਾਂ, ਇਸ ਲਈ ਐਸਆਈਟੀ ਅੱਗੇ ਪੇਸ਼ ਨਹੀਂ ਹੋ ਸਕਿਆ : ਮਜੀਠੀਆ 

ਚੰਡੀਗੜ੍ਹ, 20 ਜੁਲਾਈ 2024 : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਉਹਨਾਂ ਖਿਲਾਫ ਐਨ ਡੀ ਪੀ ਐਸ ਕੇਸ ਦੀ ਜਾਂਚ ਕਰ ਰਹੀ ਐਸ ਆਈ ਟੀ ਨੂੰ ਦੱਸਿਆ ਕਿ ਉਹ ਜਾਂਚ ਏਜੰਸੀ ਅੱਗੇ ਪੇਸ਼ ਨਹੀਂ ਹੋ ਸਕਣਗੇ ਕਿਉਂਕਿ ਉਹ ਉਹਨਾਂ ਖਿਲਾਫ ਸੁਪਰੀਮ ਕੋਰਟ ਵਿਚ ਉਹਨਾਂ ਦੀ ਰੈਗੂਲਰ ਜ਼ਮਾਨਤ ਰੱਦ ਕਰਵਾਉਣ ਲਈ ਦਾਇਰ ਵਿਸ਼ੇਸ਼ ਲੀਵ ਪਟੀਸ਼ਨ (ਐਸ ਐਲ ਪੀ) ਦੇ ਮਾਮਲੇ ਵਿਚ ਵਕੀਲਾਂ ਦੀ ਸਹਾਇਤਾ ਲਈ ਦਿੱਲੀ ਪਹੁੰਚੇ ਹੋਏ ਹਨ। ਇਸ ਸਬੰਧ ਵਿਚ ਸਰਦਾਰ ਬਿਕਰਮ ਸਿੰਘ ਮਜੀਠੀਆ ਵੱਲੋਂ ਆਪਣੇ ਵਕੀਲ ਦਮਨਬੀਰ ਸਿੰਘ ਸੋਬਤੀ ਰਾਹੀਂ ਐਸ ਆਈ ਟੀ ਸੂਚਨਾ ਭੇਜੀ ਗਈ  ਹੈ। ਸੂਚਨਾ ਵਿਚ ਦੱਸਿਆ ਗਿਆ ਕਿ ਐਸ ਆਈ ਟੀ ਇਸ ਗੱਲ ਤੋਂ ਜਾਣੂ ਸੀ ਕਿ ਸੁਪਰੀਮ ਕੋਰਟ ਵਿਚ ਸੁਣਵਾਈ ਹੋਣੀ ਹੈ ਤੇ ਉਹ ਸਰਦਾਰ ਮਜੀਠੀਆ ਨੂੰ ਕਾਨੂੰਨ ਮੁਤਾਬਕ ਮਿਲੀ ਚਾਰਾਜੋਈ ਕਰਨ ਤੋਂ ਰੋਕਣ ਵਾਸਤੇ ਆਪਣੀਆਂ ਤਾਕਤਾਂ ਦੀ ਜਾਣ ਬੁਝ ਕੇ ਦੁਰਵਰਤੋਂ ਕਰ ਰਹੀ ਹੈ। ਇਸ ਵਿਚ ਕਿਹਾ ਗਿਆ ਕਿ ਅਕਾਲੀ ਆਗੂ ਉਹਨਾਂ ਖਿਲਾਫ ਦਰਜ ਐਨ ਡੀ ਪੀ ਐਸ ਕੇਸ ਵਿਚ ਹੁਣ ਤੱਕ ਬਣਾਈਆਂ ਸਾਰੀਆਂ ਜਾਂਚ ਟੀਮਾਂ (ਐਸ ਆਈ ਟੀ) ਅੱਗੇ ਪੇਸ਼ ਹੁੰਦੇ ਰਹੇ ਹਨ ਅਤੇ ਹੁਣ ਅੱਜ ਉਹਨਾਂ ਦੀ ਐਸ ਆਈ ਟੀ ਅੱਗੇ ਪੇਸ਼ੀ ਇਸ ਵਾਸਤੇ ਰੱਖੀ ਗਈ ਸੀ ਤਾਂ ਜੋ ਉਹਨਾਂ ਦੇ ਕਾਨੂੰਨ ਤੱਕ ਪਹੁੰਚ ਦੇ ਅਧਿਕਾਰ ਨੂੰ ਤਾਰਪੀਡੋ ਕੀਤਾ ਜਾ ਸਕੇ। ਇਸ ਵਿਚ ਕਿਹਾ ਗਿਆ ਕਿ ਮੁੱਖ ਮੰਤਰੀ ਦੇ ਕੰਟਰੋਲ ਹੇਠਲੀ ਐਸਆਈ  ਟੀ ਤੋਂ ਕਿਸੇ ਨਿਰਪੱਖ ਜਾਂਚ ਦੀ ਆਸ ਨਹੀਂ ਰੱਖੀ ਜਾ ਸਕਦੀ। ਇਹ ਵੀ ਕਿਹਾ ਗਿਆ ਕਿ ਸਰਦਾਰ ਮਜੀਠੀਆ ਖਿਲਾਫ ਸਹਿਯੋਗ ਨਾ ਦੇਣ ਦੀ ਝੂਠੀ ਦਲੀਲ ਤਿਆਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਐਸ ਆਈ ਟੀ ਦੇ ਚੇਅਰਮੈਨ ਨੇ ਆਪ ਕਿਹਾ ਹੈ ਕਿ ਸਰਦਾਰ ਮਜੀਠੀਆ ਦੇ ਸਹਿਯੋਗ ਨਾ ਦੇਣ ਦੀ ਗੱਲ ਰੱਖੀ ਜਾਵੇਗੀ। ਇਸ ਵਿਚ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਆਗੂ ਆਪਣੇ ਵਕੀਲਾਂ ਦੇ ਸਹਿਯੋਗ ਲਈ ਦਿੱਲੀ ਵਿਚ ਬਣਦੇ ਹੱਕ ਨਾਲ ਗਏ ਹਨ ਤੇ ਇਸੇ ਕਾਰਣ ਉਹ ਅੱਜ ਐਸ ਆਈ ਟੀ ਅੱਗੇ ਪੇਸ਼ ਨਹੀਂ ਹੋ ਸਕੇ।