ਚੰਡੀਗੜ੍ਹ ਵਿਖੇ ਬੰਦੀ ਸਿੱਖਾਂ ਦੀ ਰਿਹਾਈ ਅਤੇ ਬੇਅਦਬੀਆਂ, ਗੋਲੀ ਕਾਂਡਾਂ ਦੇ ਨਿਆਂ ਲਈ ਲੱਗੇ ਮੋਰਚੇ ਦੀ ਖਲਾੜਾ ਮਿਸ਼ਨ ਵਲੋਂ ਹਿਮਾਇਤ

ਚੰਡੀਗੜ੍ਹ, 8 ਜਨਵਰੀ : ਚੰਡੀਗੜ੍ਹ ਵਿਖੇ ਬੰਦੀ ਸਿੱਖਾਂ ਦੀ ਰਿਹਾਈ ਅਤੇ ਹੋਰ ਮਸਲਿਆਂ ਦੇ ਨਿਆਂ ਲਈ ਲੱਗੇ ਮੋਰਚੇ ਵਿੱਚ ਖਾਲੜਾ ਮਿਸ਼ਨ ਵਲੋਂ ਹਾਜ਼ਰੀ ਭਰੀ ਗਈ। ਇਸ ਮੌਕੇ ਤੇ ਖਾਲੜਾ ਮਿਸ਼ਨ ਨੇ ਆਖਿਆ ਕਿ ਉਨ੍ਹਾਂ ਸਾਰੀਆਂ ਮੰਨੂਵਾਦੀਆਂ ਧਿਰਾਂ ਤੇ ਉਨ੍ਹਾਂ ਦੇ ਏਜੰਟਾਂ ਦਾ ਸਮਾਜਿਕ ਬਾਈਕਾਟ ਹੋਣਾ ਚਾਹੀਦਾ ਹੈ, ਜੋ ਬੰਦੀ ਸਿੱਖਾਂ ਦੀ ਰਿਹਾਈ ਅਤੇ ਬੇਅਦਬੀਆਂ, ਗੋਲੀਕਾਂਡਾਂ ਦੇ ਨਿਆਂ ਵਿੱਚ ਅੜਿੱਕਾ ਹਨ। ਉਨ੍ਹਾਂ ਕਿਹਾ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਸਿੱਖੀ ਨਾਲ ਸਦੀਆਂ ਪੁਰਾਣਾ ਵੈਰ ਕੱਢਦੀਆਂ ਆਈਆਂ ਹਨ। ਉਹ ਭਾਵੇਂ ਸ਼੍ਰੀ ਦਰਬਾਰ ਸਾਹਿਬ ਤੇ ਤੋਪਾਂ-ਟੈਂਕਾਂ ਨਾਲ ਹਮਲਾ ਕਰਨ, ਨਵੰਬਰ-84 ਕਤਲੇਆਮ ਕਰਨ, ਭਾਵੇਂ ਪੰਜਾਬ ਦੀ ਧਰਤੀ ਤੇ ਝੂਠੇ ਮੁਕਾਬਲੇ ਬਣਾਉਣ, ਭਾਵੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਾਉਣ ਅਤੇ ਭਾਵੇਂ ਸਿੱਖਾਂ ਨੂੰ ਗੈਰ-ਕਾਨੂੰਨੀ ਤੌਰ ਤੇ ਬੰਦੀ ਬਣਾਉਣ। ਖਾਲੜਾ ਮਿਸ਼ਨ ਨੇ ਕਿਹਾ ਕਿ ਸਿੱਖ ਸੰਗਤਾਂ ਅਤੇ ਸਮੁੱਚੇ ਪੰਜਾਬ ਵਾਸੀਆਂ ਨੂੰ ਚੰਡੀਗੜ੍ਹ ਵਿਖੇ ਲੱਗੇ ਮੋਰਚੇ ਨੂੰ ਸਹਿਯੋਗ ਦੇ ਕੇ ਜ਼ਾਲਮ ਸਰਕਾਰਾਂ ਨੂੰ ਹਾਰ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਕਾਂਗਰਸ, ਭਾਜਪਾ ਦੇ ਰਾਹ ਪੈ ਕੇ ਕਾਰਪੋਰੇਟ ਘਰਾਣਿਆਂ ਤੇ ਕਾਤਲਾਂ ਦਾ ਪੱਖ ਪੂਰ ਰਹੀ ਹੈ।