ਜਿੰਪਾ ਵੱਲੋਂ ਹੁਸ਼ਿਆਰਪੁਰ ਤੇ ਨਾਲ ਲੱਗਦੇ ਕੰਢੀ ਖੇਤਰਾਂ ਦੇ ਪਿੰਡਾਂ ਨੂੰ ਨਹਿਰੀ ਪਾਣੀ ਪ੍ਰੋਜੈਕਟ ਮੁਹੱਈਆ ਕਰਵਾਉਣ ਦੀ ਹਦਾਇਤ

  • ਚੰਡੀਗੜ੍ਹ ‘ਚ ਤਿੰਨ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਚੰਡੀਗੜ੍ਹ, ਮਾਰਚ 1 : ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਸੂਬਾ ਸਰਕਾਰ ਦੇ ਉੱਚ ਅਧਿਕਾਰੀਆਂ ਨੂੰ ਹੁਸ਼ਿਆਰਪੁਰ ਸ਼ਹਿਰ ਅਤੇ ਨਾਲ ਲੱਗਦੇ ਕੰਢੀ ਖੇਤਰਾਂ ਦੇ ਪਿੰਡਾਂ ਨੂੰ ਨਹਿਰੀ ਪਾਣੀ ਪ੍ਰੋਜੈਕਟ ਮੁਹੱਇਆ ਕਰਵਾਉਣ ਲਈ ਕਿਹਾ ਹੈ। ਆਪਣੇ ਦਫਤਰ ਵਿੱਚ ਜਲ ਸਪਲਾਈ ਤੇ ਸੈਨੀਟੇਸ਼ਨ, ਸਥਾਨਕ ਸਰਕਾਰਾਂ ਅਤੇ ਜਲ ਸ੍ਰੋਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਮੰਤਰੀ ਵੱਲੋਂ ਵਿਸ਼ੇਸ਼ ਰੂਪ ਵਿੱਚ ਹੁਸ਼ਿਆਰਪੁਰ ਸ਼ਹਿਰ ਵਿੱਚ ਪਾਣੀ ਦੇ ਲਗਾਤਾਰ ਡਿੱਗ ਰਹੇ ਪੱਧਰ ਬਾਰੇ ਵਿਸ਼ੇਸ਼ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਹਾਲਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਹੁਸ਼ਿਆਰਪੁਰ ਅਤੇ ਨਾਲ ਲੱਗਦੇ ਕੰਢੀ ਖੇਤਰਾਂ ਦੇ ਪਿੰਡਾਂ ਨੂੰ ਨਹਿਰੀ ਪਾਣੀ ਦੀ ਸੁਵਿਧਾ ਦਿੱਤੀ ਜਾਵੇ। ਜਿੰਪਾ ਵੱਲੋਂ ਨਹਿਰੀ ਪਾਣੀ ਪ੍ਰੋਜੈਕਟ ਦੀ ਤਜਵੀਜ਼ ਨੂੰ ਸਥਾਨਕ ਸਰਕਾਰਾਂ, ਜਲ ਸ੍ਰੋਤ ਵਿਭਾਗ ਅਤੇ ਜਲ ਸਪਲਾਈ ਵਿਭਾਗ ਨਾਲ ਵਿਸਥਾਰਪੂਰਵਕ ਵਿਚਾਰਿਆ ਗਿਆ ਅਤੇ ਇਸਨੂੰ ਜਲਦ ਅਮਲੀ ਜਾਮਾ ਪਹਿਨਾਉਣ ਲਈ ਵੀ ਕਿਹਾ ਗਿਆ। ਮੀਟਿੰਗ ਦੌਰਾਨ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਪ੍ਰਮੁੱਖ ਸਕੱਤਰ ਨੀਲਕੰਠ ਅਵਹਾੜ, ਵਿਭਾਗ ਮੁਖੀ ਅਮਿਤ ਤਲਵਾੜ, ਸਥਾਨਕ ਕਾਰ ਵਿਭਾਗ ਦੀ ਪ੍ਰਮੁੱਖ ਸਕੱਤਰ ਦੀਪਤੀ ਉੱਪਲ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੁੱਖ ਇੰਜੀਨੀਅਰ (ਉੱਤਰ) ਜਸਬੀਰ ਸਿੰਘ ਅਤੇ ਜਲ ਸ੍ਰੋਤ ਵਿਭਾਗ ਦੇ ਮੁੱਖ ਇੰਜੀਨੀਅਰ ਸ਼ੇਰ ਸਿੰਘ ਸਮੇਤ ਵੱਖ-ਵੱਖ ਅਧਿਕਾਰੀ ਸ਼ਾਮਿਲ ਸਨ।