ਪੰਜਾਬ ਨੂੰ ਕਰਜ਼ਾ ਮੁਕਤ ਕਰਨ ਦੀ ਬਜਾਏ ਮਾਨ ਸਰਕਾਰ ਕਰਜਈ ਕਰ ਰਹੀ ਹੈ : ਸੁਨੀਲ ਜਾਖੜ 

ਚੰਡੀਗੜ੍ਹ, 24 ਸਤੰਬਰ : ਇੱਕ ਵੀਡੀਓ ਜਾਰੀ ਕਰਦਿਆਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਨੂੰ ਵਿੱਤੀ ਤਬਾਹੀ ਦੇ ਕੰਢੇ ਤੇ ਪਹੁੰਚਾ ਦਿੱਤਾ ਹੈ, ਮਾਰਚ 2022 ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਪਾਰਟੀ ਦੀ ਸਰਕਾਰ ਨੇ ਡੇਢ ਸਾਲ ਵਿੱਚ 50 ਹਜ਼ਾਰ ਕਰੋੜ ਤੋਂ ਜਿਆਦਾ ਕਰਜ਼ਾ ਚੁੁੱਕਿਆ ਹੈ। ਇਸ ਤੋਂ ਇਲਾਵਾ ਇਸ ਸਾਲ ਦੇ ਅਪ੍ਰੈਲ ਤੋਂ ਜੁਲਾਈ ਦੇ ਅਮਤ ਤੱਕ ਤਕਰੀਬਨ 4 ਮਹੀਨਿਆਂ ਵਿੱਚ ਸੂਬਾ ਸਰਕਾਰ ਨੇ 11, 718 ਕਰੋੜ ਦਾ ਕਰਜ਼ਾ ਲਿਆ ਹੈ। ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੇਕਰ ਕਰਜਾ ਲੈਣ ਦੀ ਆਦਤ ਨਾ ਛੱਡੀ ਤਾਂ ਪੰਜਾਬ ਤੇ 5 ਸਾਲਾਂ ਦੇ ਕਾਰਜਕਾਲ ਵਿੱਚ 1.75 ਲੱਖ ਕਰੋੜ ਦਾ ਕਰਜ਼ਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤੋਂ ਸੂਬੇ ਵਿੱਚ ਸਰਕਾਰ ਆਈ ਹੈ, ਉਦੋਂ ਤੋਂ 2.82 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ। ਜਦੋਂ ਕਿ ਆਪ ਸਰਕਾਰ 5 ਸਾਲਾਂ ਵਿੱਚ 1.75 ਲੱਖ ਕਰੋੜ ਰੁਪੈ ਦਾ ਕਰਜ਼ਾ ਲੈ ਲਵੇਗੀ। ਪੰਜਾਬ ਭਾਜਪਾ ਪ੍ਰਧਾਨ ਨੇ ਪ੍ਰਿੰਸੀਪਲ ਅਕਾਊਂਟੈਂਟ ਜਨਰਲ ਦਫ਼ਤਰ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ 11,718 ਕਰੋੜ ਰੁਪਏ ਵਿਚੋਂ ਸਿਰਫ਼ 900 ਕਰੋੜ ਰੁਪਏ ਉਸਾਰੂ ਕੰਮਾਂ ਵਿਚ ਹੀ ਖਰਚ ਹੋਏ ਹਨ। ਜਦੋਂ ਕਿ 10,818 ਕਰੋੜ ਰੁਪਏ ਬਰਬਾਦ ਹੋਏ ਹਨ। 'ਆਪ' ਸਰਕਾਰ ਪੰਜਾਬ ਦੇ ਲੋਕਾਂ ਦਾ ਪੈਸਾ ਆਪਣੇ ਪ੍ਰਚਾਰ 'ਤੇ ਖਰਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ਦੇ ਲੋਕਾਂ ਨੂੰ ਇਸ ਗੰਭੀਰ ਮੁੱਦੇ ਤੋਂ ਜਾਣੂ ਕਰਵਾਇਆ ਜਿਸ ਦੇ ਲਈ ਉਹਨਾਂ ਦਾ ਬਹੁਤ ਧੰਨਵਾਦ। ਸੁਨੀਲ ਜਾਖੜ ਨੇ ਕਿਹਾ ਕਿ ਹੁਣ ਪੰਜਾਬ ਦੇ ਲੋਕ ਵੀ ਮਾਨ ਸਰਕਾਰ ਨੂੰ ਸਵਾਲ ਪੁੱਛਣ ਲੱਗ ਪਏ ਹਨ ਕਿ ਮਾਨ ਸਾਬ੍ਹ ਕੋਲ ਪੈਸਾ ਕਿੱਥੇ ਹੈ? ਜਦਕਿ ਸਰਕਾਰ ਤਾਂ ਕਹਿ ਰਹੀ ਸੀ ਕਿ ਉਹ ਪੰਜਾਬ 'ਤੇ ਕਰਜ਼ਾ ਚੜ੍ਹਾਉਣ ਦੀ ਬਜਾਏ ਉਸ ਨੂੰ ਕਰਜ਼ਾ ਮੁਕਤ ਕਰੇਗੀ। ਜਦਕਿ ਹੁਣ ਸਭ ਕੁੱਝ ਉਲਟ ਹੋ ਰਿਹਾ ਹੈ।