ਖਾਦਾਂ ਦੀ ਸੁਚੱਜੀ ਵਰਤੋਂ ਮਿੱਟੀ ਦੀ ਪਰਖ ਦੇ ਆਧਾਰ ‘ਤੇ ਕਰਨ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ

ਚੰਡੀਗੜ੍ਹ, 20 ਮਈ : ਮਿੱਟੀ ਪਰਖ ਰਾਹੀ ਖਾਦਾਂ ਦੀ ਸੁਚੱਜੀ ਵਰਤੋਂ ਕੀਤੀ ਜਾ ਸਕਦੀ ਹੈ। ਖਾਦਾਂ ਦੀ ਦੁਰਵਰਤੋਂ ਨਾ ਕੇਵਲ ਭੂਮੀ ਅਤੇ ਫ਼ਸਲਾਂ ਦੀ ਸਿਹਤ ‘ਤੇ ਮਾੜਾ ਅਸਰ ਪਾਉਂਦੀ ਹੈ ਸਗੋਂ ਵਾਤਾਵਰਣ ਨੂੰ ਵੀ ਖਰਾਬ ਕਰਦੀ ਹੈ, ਇਹ ਵਿਚਾਰ ਡਾ. ਗੁਰਬਚਨ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਐਸ.ਏ.ਐਸ ਨਗਰ ਨੇ ਪਿੰਡ ਧਰਮਗੜ ਬਲਾਕ ਡੇਰਾਬੱਸੀ ਵਿਖੇ ਕਿਸਾਨਾਂ ਨਾਲ ਸਾਂਝੇ ਕੀਤੇ। ਇਸ ਮੌਕੇ ਉਨ੍ਹਾਂ ਦੱਸਿਆ ਕਿ ਮਿੱਟੀ ਪਰਖ ਤੋਂ ਸਾਨੂੰ ਜ਼ਮੀਨ ਦੀ ਉਪਜਾਊ ਸ਼ਕਤੀ, ਉਸ ਦੇ ਖਾਰੀ ਅੰਗ, ਜੀਵਕ ਕਾਰਬਨ ਅਤੇ ਜ਼ਰੂਰੀ ਤੱਤਾਂ ਦੀ ਉਪਲੱਬਧੀ ਦਾ ਪਤਾ ਲੱਗਦਾ ਹੈ ਜਿਸ ਅਨੁਸਾਰ ਖਾਦਾਂ ਦੀ ਮਾਤਰਾ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਮਿੱਟੀ ਦੇ ਨਮੂਨੇ ਭਰਦੇ ਹੋਏ ਉਨ੍ਹਾਂ ਦੱਸਿਆ ਕਿ ਮੁੱਖ ਦਫ਼ਤਰ ਵੱਲੋ ਸਾਲ 2023-24 ਲਈ ਜ਼ਿਲ੍ਹੇ ਨੂੰ 2250 ਮਿੱਟੀ ਦੇ ਸੈਂਪਲਾਂ ਦਾ ਟੀਚਾ ਦਿੱਤਾ ਗਿਆ ਹੈ। ਇਹ ਸੈਂਪਲ ਐੱਸ.ਐਚ.ਸੀ ਐਪ ਦੁਆਰਾ ਭਰੇ ਜਾਣੇ ਹਨ ਅਤੇ ਐਪ ਰਾਹੀਂ ਕਿਸਾਨ ਦੀ ਨਵੀਂ ਰਜਿਸਟ੍ਰੇਸ਼ਨ ਕੀਤੀ ਜਾਣੀ ਹੈ। ਇਸ ਮੌਕੇ ਕਮਲਦੀਪ ਸਿੰਘ ਏ.ਟੀ.ਐਮ ਨੇ ਵਿਭਾਗ ਦੇ ਕਰਮਚਾਰੀਆਂ ਅਤੇ ਕਿਸਾਨਾਂ ਨੂੰ ਐਪ ਰਾਹੀ ਸੈਂਪਲ ਭਰਨ ਦੇ ਤਰੀਕੇ ਦੀ ਜਾਣਕਾਰੀ ਦਿੱਤੀ। ਡਾ. ਗੁਰਬਚਨ ਸਿੰਘ ਨੇ ਕਿਸਾਨਾਂ ਨੂੰ ਦੱਸਿਆ ਕਿ ਘਣੀ ਖੇਤੀ, ਫ਼ਸਲਾਂ ਦੀਆਂ ਜ਼ਿਆਦਾ ਝਾੜ ਦੇਣ ਵਾਲੀਆਂ ਕਿਸਮਾਂ ਦੀ ਕਾਸ਼ਤ ਕਾਰਨ ਜ਼ਮੀਨ ਵਿੱਚ ਸੂਖਮ ਤੱਤਾਂ, ਖਾਸ ਕਰਕੇ ਜ਼ਿੰਕ, ਲੋਹਾ ਅਤੇ ਮੈਂਗਨੀਜ਼ ਦੀ ਘਾਟ ਵੱਧ ਰਹੀ ਹੈ। ਸਾਉਣੀ ਦੀਆਂ ਫਸਲਾਂ ਖਾਸ ਕਰ ਕੇ ਝੋਨਾ ਅਤੇ ਮੱਕੀ ਜ਼ਿੰਕ ਦੀ ਘਾਟ ਨੂੰ ਜ਼ਿਆਦਾ ਮੰਨਦਿਆਂ ਹਨ, ਇਸ ਕਰਕੇ ਜ਼ਿੰਕ ਸਲਫੇਟ ਦੀ ਵਰਤੋਂ ਸਾਉਣੀ ਦੀ ਫਸਲ ਚ ਹੀ ਕਰਨੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਖਾਦਾਂ ਦੀ ਵਰਤੋਂ ਮਿੱਟੀ ਪਰਖ ਦੇ ਆਧਾਰ ‘ਤੇ ਜਾਂ ਪੀ.ਏ.ਯੂ ਲੁਧਿਆਣਾ ਵਲੋਂ ਕੀਤੀਆਂ ਸ਼ਿਫ਼ਾਰਿਸ਼ ਅਨੁਸਾਰ ਹੀ ਕੀਤੀ ਜਾਏ, ਬੇਲੋੜੀ ਖਾਦ ਪਾਉਣ ਨਾਲ ਜਿਥੇ ਖਰਚੇ ਵੱਧਦੇ ਹਨ, ਉਥੇ ਫਸਲ ਤੇ ਕੀੜਿਆਂ/ ਬਿਮਾਰੀਆਂ ਦਾ ਹਮਲਾ ਵੀ ਵੱਧ ਹੁੰਦਾ ਹੈ। ਇਸ ਮੌਕੇ ਪਿੰਡ ਦੇ ਨੰਬਰਦਾਰ ਜਗਜੀਤ ਸਿੰਘ, ਕਿਸਾਨ ਸਤਨਾਮ ਸਿੰਘ, ਬਲਜੀਤ ਸਿੰਘ ਅਤੇ ਵਿਭਾਗ ਦੇ ਪੁਨੀਤ ਗੁਪਤਾ ਬੀ.ਟੀ.ਐਮ, ਮਦਨ ਲਾਲ, ਗੁਲਸ਼ਨ ਕੁਮਾਰ ਏ.ਐਸ.ਆਈ, ਮਨਜੀਤ ਸਿੰਘ ਏ.ਟੀ.ਐਮ ਹਾਜ਼ਰ ਸਨ।