ਮੀਂਹ ਕਾਰਨ ਵਧੀ ਠੰਡ, ਅਗਲੇ 2 ਦਿਨ ਵੀ ਮੀਂਹ ਦੀ ਸੰਭਾਵਨਾ ਹੈ : ਮੌਸਮ ਵਿਭਾਗ 

ਚੰਡੀਗੜ੍ਹ, 10 ਨਵੰਬਰ : ਪੰਜਾਬ 'ਚ ਮੌਸਮ ਨੇ ਕਰਵਟ ਲੈ ਲਈ ਹੈ। ਕਈ ਇਲਾਕਿਆਂ ਵਿਚ ਅੱਜ ਸਵੇਰ ਤੋਂ ਹੀ ਬੱਦਲਵਾਈ ਛਾਈ ਹੋਈ ਹੈ ਤੇ ਕਈ ਇਲਾਕਿਆਂ ਵਿਚ ਭਾਰੀ ਮੀਂਹ ਪੈ ਰਿਹਾ ਹੈ। ਲੋਕਾਂ ਨੂੰ ਠੰਡ ਦਾ ਅਹਿਸਾਸ ਹੋ ਰਿਹਾ ਹੈ। ਦੀਵਾਲ਼ੀ ਤੋਂ 2 ਦਿਨ ਪਹਿਲਾਂ ਬੇਮੌਸਮੇ ਮੀਂਹ ਨੇ ਕਿਸਾਨਾਂ ਅਤੇ ਦੁਕਾਨਦਾਰਾਂ ਦੇ ਸਾਹ ਸੁਕਾ ਦਿੱਤੇ ਹਨ। ਇਕ ਪਾਸੇ ਕਿਸਾਨਾਂ ਵਲੋਂ ਝੋਨੇ ਦੀ ਕਟਾਈ ਦੇ ਨਾਲ-ਨਾਲ ਕਣਕ ਦੀ ਬਿਜਾਈ ਜ਼ੋਰਾਂ 'ਤੇ ਹੈ ਦੂਜੇ ਪਾਸੇ ਦੀਵਾਲੀ ਦੇ ਚਲਦਿਆਂ ਦੁਕਾਨਦਾਰਾਂ ਵਲੋਂ ਆਤਿਸ਼ਬਾਜ਼ੀ ਤੇ ਸਜਾਵਟ ਤੋਂ ਇਲਾਵਾ ਹੋਰ ਸਮਾਨ ਦੁਕਾਨਾਂ ਦੇ ਬਾਹਰ ਸਜਾਇਆ ਜਾਣਾ ਹੈ, ਪਰ ਜੇਕਰ ਮੀਂਹ ਜ਼ਿਆਦਾ ਦੇਰ ਤੱਕ ਪੈਂਦਾ ਰਿਹਾ ਤਾਂ ਉਨ੍ਹਾਂ ਨੂੰ ਆਪਣਾ ਸਮਾਨ ਦੁਕਾਨਾਂ ਤੋਂ ਬਾਹਰ ਰੱਖਣ ਵਿਚ ਵੀ ਮੁਸ਼ਕਿਲਾਂ ਆ ਸਕਦੀਆਂ ਹਨ ਤੇ ਗਾਹਕ ਵੀ ਘਰਾਂ ਤੋਂ ਬਾਹਰ ਘੱਟ ਨਿਕਲੇਗਾ। ਮੌਸਮ ਵਿਭਾਗ ਨੇ ਕਿਹਾ ਹੈ ਕਿ ਸੂਬੇ ਦੇ ਕੁਝ ਹਿੱਸਿਆਂ ਵਿਚ ਅਗਲੇ 2-3 ਦਿਨਾਂ ਦੌਰਾਨ ਘੱਟੋ-ਘੱਟ ਤਾਪਮਾਨ ਵਿਚ 02-04 ਡਿਗਰੀ ਸੈਲਸੀਅਸ ਦੀ ਗਿਰਾਵਟ ਆ ਸਕਦੀ ਹੈ। ਅਗਲੇ 2 ਦਿਨ ਵੀ ਮੀਂਹ ਦੀ ਸੰਭਾਵਨਾ ਹੈ ਕਿਉਂਕਿ ਮੀਂਹ ਕਰ ਕੇ ਹੀ ਠੰਡ ਵਧੇਗੀ।