ਸਿੱਖਿਆ ਮੰਤਰੀ ਵੱਲੋਂ ਹੁਕਮ ਜਾਰੀ , ਰਿਟਾਇਰ ਹੋਣ ਵਾਲੇ ਪ੍ਰਿੰਸੀਪਲਾਂ ਦੇ ਸੇਵਾ ਕਾਲ ਵਿਚ ਕੀਤਾ ਵਾਧਾ 

ਚੰਡੀਗੜ੍ਹ, 03 ਅਕਤੂਬਰ : ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਅਹਿਮ ਫੈਸਲਾ ਲੈਂਦੇ ਹੋਏ 31 ਅਗਸਤ ਤੋਂ 28 ਫਰਵਰੀ ਤਕ ਰਿਟਾਇਰ ਹੋਣ ਵਾਲੇ ਪ੍ਰਿੰਸੀਪਲਾਂ ਦੇ ਸੇਵਾ ਕਾਲ ਵਿਚ ਵਾਧਾ ਕੀਤਾ ਹੈ। ਇਹ ਫੈਸਲਾ ਸਕੂਲਾਂ ਵਿਚ ਪ੍ਰਿੰਸੀਪਲਾਂ ਦੀ ਕਮੀ ਤੇ ਬੱਚਿਆਂ ਦੀ ਪੜ੍ਹਾਈ ਦੇ ਮੱਦੇਨਜ਼ਰ ਲਿਆ ਗਿਆ ਹੈ। ਪੰਜਾਬ ਸਕੂਲ ਅਧਿਆਪਕ ਸੇਵਾ ਵਾਧਾ ਕਾਨੂੰਨ 2015 ਤਹਿਤ ਜੋ ਪ੍ਰਿੰਸੀਪਲ ਅਗਸਤ ਤੋਂ ਫਰਵਰੀ ਤੱਕ ਰਿਟਾਇਰ ਹੋਣਗੇ ਉਨ੍ਹਾਂ ਦੇ ਸੇਵਾ ਕਾਲ ਵਿਚ 31 ਮਾਰਚ ਤੱਕ ਦਾ ਵਾਧਾ ਕੀਤਾ ਗਿਆ ਹੈ। ਮੰਤਰੀ ਬੈਂਸ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਮੁਤਾਬਕ ਭਾਵੇਂ ਉਨ੍ਹਾਂ ਵੱਲੋਂ ਸਕੂਲ ‘ਚ ਕਲਾਸਾਂ ਦੇ ਪੀਰੀਅਡ ਲਗਾਏ ਜਾਂਦੇ ਹਨ ਜਾਂ ਨਹੀਂ, ਵਾਧੇ ਦੇ ਨਿਯਮ ਲਾਗੂ ਹੋਣਗੇ। ਉਨ੍ਹਾਂ ਕਿਹਾ ਕਿ ‘The Punjab School Teachers’ Extension in Service Act, 2015″ ਇਸ ਲਈ ਲਾਗੂ ਕੀਤਾ ਗਿਆ ਸੀ ਤਾਂ ਜੋ ਸਕੂਲੀ ਬੱਚਿਆਂ ਦਾ ਅਕਾਦਮਿਕ ਸਾਲ ਖ਼ਰਾਬ ਨਾ ਹੋਵੇ।ਇਸ ਐਕਟ ਤਹਿਤ ਮਿਤੀ 31 ਅਗਸਤ ਤੋਂ ਬਾਅਦ ਰਿਟਾਇਰ ਹੋਣ ਵਾਲੇ ਟੀਚਰਾਂ ਨੂੰ 31 ਮਾਰਚ ਤਕ ਦਾ ਵਾਧਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਦਿੰਦਿਆਂ ਸਿੱਖਿਆ ਮੰਤਰੀ ਨੇ ਦੱਸਿਆ ਕਿ ਪਹਿਲਾਂ ਇਸ ਐਕਟ ਤਹਿਤ ਉਨ੍ਹਾਂ ਪ੍ਰਿੰਸੀਪਲਾਂ ਦੇ ਸੇਵਾ ਕਾਲ ਵਿਚ ਵਾਧਾ ਕੀਤਾ ਜਾਂਦਾ ਸੀ ਜਿਨ੍ਹਾਂ ਵੱਲੋਂ ਪ੍ਰਸ਼ਾਸਕੀ ਕੰਮਾਂ ਤੋਂ ਇਲਾਵਾ ਅਕਾਦਮਿਕ ਕੰਮਾਂ ਨੂੰ ਵੀ ਦੇਖਿਆ ਜਾਂਦਾ ਹੈ ਤੇ ਜਦੋਂ ਪ੍ਰਿੰਸੀਪਲ ਰਿਟਾਇਰ ਹੋ ਜਾਂਦਾ ਹੈ ਤਾਂ ਇਸ ਦਾ ਅਸਰ ਸਿੱਧੇ ਜਾਂ ਅਸਿੱਧੇ ਤੌਰ ‘ਤੇ ਬੱਚਿਆਂ ਦੀ ਪੜ੍ਹਾਈ ‘ਤੇ ਵੀ ਪੈਂਦਾ ਹੈ।