ਚਾਰਜਸ਼ੀਟ ਹੋਣ 'ਤੇ ਬਾਦਲ ਅਸਤੀਫੇ ਦੇਣ ਜਾਂ ਫਿਰ ਕੌਮ ਇਨ੍ਹਾ ਨੂੰ ਪਾਸੇ ਕਰੇ: ਰਵੀਇੰਦਰ ਸਿੰਘ

ਚੰਡੀਗੜ੍ਹ 25 ਫਰਵਰੀ : ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਸਮੂੰਹ ਲੀਡਰਸ਼ਿਪ ਨੂੰ ਜ਼ੋਰ ਦਿੱਤਾ ਹੈ ਕਿ ਉਹ ਪੰਥ ਦੇ ਭਲੇ ਲਈ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਨਾਲ ਨਾਤਾ ਤੋੜ ਕੇ,ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਲਈ ਸਾਥ ਦੇਣ ਤਾਂ ਜੋ ਸਿੱਖ ਕੌਮ ਚ ਆਈ ਖੜੋਤ ਦਾ ਖਾਤਮਾ ਕੀਤਾ ਜਾ ਸਕੇ। ਮੌਜੂਦਾ ਹਲਾਤਾਂ ਚ ਬਾਦਲ ਅਸਤੀਫਾ ਦੇਣ ਜਾਂ ਫਿਰ ਕੌਮ ਇਨ੍ਹਾ ਨੂੰ ਪਾਸੇ ਕਰੇ। ਸਾਬਕਾ ਸਪੀਕਰ ਰਵੀਇੰਦਰ ਸਿੰਘ ਨੇ ਇਹ ਪ੍ਰਤੀਕ੍ਰਿਆ ਬਾਦਲਾਂ ਨੂੰ ਬੇਅਦਬੀ ਕਾਂਡ ਦੇ ਗੰਭੀਰ ਮਸਲੇ ਚ ਚਾਰਜਸ਼ੀਟ ਕਰਨਤੇ ਕਰਦਿਆਂ ਕਿਹਾ ਕਿ ਇਨ੍ਹਾ ਵੰਸ਼ਵਾਦੀਆਂ ਦੀ ਬਦੌਲਤ ਹੀ ਸ਼੍ਰੋਮਣੀ ਅਕਾਲੀ ਦਲ ਹਾਸ਼ੀਏ ਤੇ ਚਲਾ ਗਿਆ ਹੈ। ਪੰਜਾਬ ਸਿੱਖ ਤੇ ਪੰਥਕ ਮੱਸਲੇ ਲਟਕੇ ਪਏ ਹਨ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਨਾ ਹੋਣ ਕਰਕੇ,ਬਾਦਲਾਂ ਦਾ ਏਕਾਧਿਕਾਰ ਕਾਇਮ ਹੈ,ਜਿਸ ਚ ਉਹ ਨਜਾਇਜ ਫਾਇਦਾ ਲੰਬੇ ਸਮੇਂ ਤੋ ਲੈ ਰਹੇ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੀ ਨਿਰੱਪਖ ਜਾਂਚ ਨਾ ਹੋਣ  ਦੇਣ ਲਈ ਉਕਤ ਪਰਿਵਾਰ ਨੇ ਸਾਰਾ ਜ਼ੋਰ ਲਾਇਆ ਤਾਂਜੋ ਸੌਦਾ-ਸਾਧ ਨੂੰ ਬਚਾਇਆ ਜਾ ਸਕੇ ,ਜਿਸ ਦੀਆਂ ਵੋਟਾਂ ਰਾਹੀ ਇਨ੍ਹਾ ਦੀ ਸਰਕਾਰ ਬਣਦੀ ਰਹੀ ਹੈ।ਅਕਾਲੀ ਨੇਤਾ ਰਵੀਇੰਦਰ ਸਿੰਘ ਨੇ ਇਹ ਵੀ ਮੰਗ ਕੀਤੀ ਕਿ ਇਸ ਪਰਿਵਾਰ ਨੂੰ ਮਿਲਿਆ ਫਖਰ-ਏ-ਕੌਮ ਪੁਰਸਕਾਰ ਵਾਪਸ ਲੈ ਲੈਣਾ ਚਾਹੀਦਾ ਹੈ । ਪੰਜਾਬ ਦੀ ਰਾਜਸੀ ਤਸਵੀਰ ਤੇ ਉਨ੍ਹਾ ਕਿਹਾ ਕਿ ਪ੍ਰਮੁੱਖ ਸਿਆਸੀ ਪਾਰਟੀਆਂ ਦੀ ਬਾਹਰੀ ਤੇ ਅੰਦਰੂਨੀ ਹਾਲਤ ਬੜੀ ਅਜੀਬ ਬਣੀ ਹੈ । ਆਮ ਲੋਕ ਤੰਗ ਹਨ। ਉਨ੍ਹਾ ਆਰਥਿਕ ਹਾਲਤ ਪਤਲੀ ਹੈ। ਕਿਸਾਨ ਸੜਕਾਂ ਤੇ ਘੋਲ ਕਰ ਰਿਹਾ ਹੈ। ਬੰਦੀ ਸਿੰਘਾਂ ਦੀ ਰਿਹਾਈ ਨਾ ਹੋਣ ਕਰਕੇ ਪੰਥਕ ਸਫਾ ਚ ਰੋਹ ਪਨਪ ਰਿਹਾ ਹੈ। ਉਨ੍ਹਾ ਪੰਜਾਬ ਤੇ ਕੇਂਦਰ ਸਰਕਾਰ ਨੂੰ ਜੋਰ ਦਿੱਤਾ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨਸ਼ੀਲ ਹੋੋਣ। ਰਵੀਇੰਦਰ ਸਿੰਘ ਨੇ ਰਾਜੀਵ ਗਾਂਧੀ ਕਤਲ ਕੇਸ ਦਾ ਵੀ ਹਵਾਲਾ ਦਿੰਦਿਆਂ ਕਿਹਾ ਕਿ ਸਜਾਯਾਫਤਾ ਦੋਸ਼ੀ ਦੀ ਰਿਹਾਈ ਹੋ ਚੁੱਕੀ ਹੈ ਪਰ ਬੰਦੀ ਸਿੰਘ ਰਿਹਾਅ ਕਰਨ ਚ ਹੁਕਮਰਾਨ ਕੋਈ ਗੰਭੀਰਤਾ ਨਹੀ ਵਿਖਾ ਰਹੇ,ਜਿਸ ਤੋਂ ਸਿੱਖ ਕੌਮ ਨਿਰਾਸ਼ਤਾ ਹੈ। ਉਨ੍ਹਾ ਸਮੂੰਹ ਸਿੱਖਾਂ ਨੂੰ ਅਪੀਲ ਕੀਤੀ ਕਿ ਸੂਬੇ ਦੀ ਬਿਹਤਰੀ ਲਈ ਇਕ ਮੰਚ ਤੇ ਇਕੱਠੇ ਹੋਣ ਤਾਂ ਜੋ ਆਪਸੀ ਇਤਫਾਕ ਨਾਲ ਲਟਕ ਰਹੇ ਸਮੂੰਹ ਮਸਲੇ ਹੱਲ ਕਰਵਾਏ ਜਾ ਸਕਣ ।