ਜਦੋਂ ਆਪਣਾ ਹੀ ਘਰ ਭ੍ਰਿਸ਼ਟਾਚਾਰ ਦੀ ਦਲਦਲ ਨਾਲ ਭਰਿਆ ਹੋਵੇ, ਤਾਂ ਪੂਰੇ ਸੂਬੇ ਨੂੰ ਸਾਫ਼ ਕਰਨ ਦਾ ਵਾਅਦਾ ਕਿਵੇਂ ਕੀਤਾ ਜਾ ਸਕਦਾ ਹੈ : ਬਾਜਵਾ

ਚੰਡੀਗੜ੍ਹ, 18 ਫਰਵਰੀ : ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਭਗਵੰਤ ਮਾਨ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਜਦੋਂ ਕਿਸੇ ਦਾ ਆਪਣਾ ਹੀ ਘਰ ਭ੍ਰਿਸ਼ਟਾਚਾਰ ਦੀ ਦਲਦਲ ਨਾਲ ਭਰਿਆ ਹੋਵੇ ਤਾਂ ਪੂਰੇ ਸੂਬੇ ਨੂੰ ਸਾਫ਼ ਕਰਨ ਦਾ ਵਾਅਦਾ ਕਿਵੇਂ ਕੀਤਾ ਜਾ ਸਕਦਾ ਹੈ। ਬਾਜਵਾ ਨੇ ਕਿਹਾ ਕਿ ਭ੍ਰਿਸ਼ਟਾਚਾਰ ਮੁਕਤ ਸਰਕਾਰ ਦੇ ਝੂਠੇ ਵਾਅਦਿਆਂ ਦਾ ਹੁਣ ਪੂਰੀ ਤਰ੍ਹਾਂ ਪਰਦਾਫਾਸ਼ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਆਪ ਦੇ ਵਿਧਾਇਕ ਅਤੇ ਕੈਬਨਿਟ ਨੇ ਭ੍ਰਿਸ਼ਟਾਚਾਰ ‘ਤੇ ਭਗਵੰਤ ਮਾਨ ਨੂੰ ਚੁੱਪ ਕਰਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਮਹਿਜ਼ 11 ਮਹੀਨਿਆਂ ਦੌਰਾਨ ਸਿੰਗਲਾ, ਸਰਾਰੀ ਅਤੇ ਹੁਣ ਅਮਿਤ ਰਤਨ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ ਪੰਜਾਬ ਦੇ ਲੋਕਾਂ ਨਾਲ ਕੀਤੇ ਜਾ ਰਹੇ ਧੋਖੇ ਨੂੰ ਦਰਸਾਉਂਦੇ ਹਨ। ਇਹ ਗੱਲ ਪ੍ਰਤਾਪ ਬਾਜਵਾ ਨੇ ਅੱਜ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਹੀ। ਬਾਜਵਾ ਨੇ ਸਖਤ ਲਹਿਜੇ ‘ਚ ਕਿਹਾ ਕਿ ਜੇਕਰ ਭਗਵੰਤ ਮਾਨ ਰਿਸ਼ਵਤ ਮਾਮਲੇ ‘ਚ ਵਿਧਾਇਕ ਅਮਿਤ ਰਤਨ ਦੀ ਗ੍ਰਿਫਤਾਰੀ ਨੂੰ ਯਕੀਨੀ ਨਹੀਂ ਬਣਾਉਣਗੇ ਤਾਂ ਵਿਰੋਧੀ ਧਿਰ ਉਨ੍ਹਾਂ ਨੂੰ ਸਲਾਖਾਂ ਪਿੱਛੇ ਡੱਕਣ ‘ਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਬਾਜਵਾ ਨੇ ਦੱਸਿਆ ਕਿ ਗਰਗ ਨੇ ਪੈਸੇ ਲਏ ਅਤੇ ਜਦੋਂ ਉਹ ਆਪਣੀ ਗੱਡੀ ਵਿੱਚ ਸਰਕਟ ਹਾਊਸ ਛੱਡਣ ਜਾ ਰਿਹਾ ਸੀ ਤਾਂ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੇ ਉਸਨੂੰ ਰੋਕ ਲਿਆ ਅਤੇ ਉਸਦੀ ਗੱਡੀ ਵਿੱਚੋਂ ਪੈਸੇ ਬਰਾਮਦ ਕਰ ਲਏ। ਉਨ੍ਹਾਂ ਦੱਸਿਆ ਕਿ ਵਿਜੀਲੈਂਸ ਬਿਊਰੋ ਬਠਿੰਡਾ ਸ਼ਾਖਾ ਦੇ ਐਸਐਸਪੀ ਹਰਪਾਲ ਸਿੰਘ ਮੌਕੇ ’ਤੇ ਮੌਜੂਦ ਸਨ। ਬਾਜਵਾ ਨੇ ਕਿਹਾ ਕਿ ਐਮਐਲਏ ਦੇ ਪੀਏ ਰਿਸ਼ਮ ਗਰਗ ਵੱਲੋਂ ਸਰਪੰਚ ਦੇ ਪਤੀ ਤੋਂ 5 ਲੱਖ ਰੁਪਏ ਦੀ ਗਰਾਂਟ ਜਾਰੀ ਕਰਨ ਲਈ ਮੰਗੀ ਗਏ ਸੀ। ਪਿੰਡਾਂ ਦੇ ਵਿਕਾਸ ਕਾਰਜਾਂ ਲਈ 25 ਲੱਖ ਗਰਾਂਟ ਜਾਰੀ ਕਰਨ ਬਦਲੇ ਐਨੀ ਰਿਸ਼ਵਤ। ਬਾਜਵਾ ਨੇ ਭਗਵੰਤ ਮਾਨ ਨੂੰ ਯਾਦ ਦਿਵਾਇਆ ਕਿ ਉਹ ਜਨਤਾ ਦੇ ਚੁਣੇ ਹੋਏ ਨੁਮਾਇੰਦੇ ਹਨ ਅਤੇ ਆਪਣੀ ਟੀਮ ਦੇ ਅਜਿਹੇ ਸਾਰੇ ਗੱਦਾਰਾਂ ਲਈ ਜਵਾਬਦੇਹ ਹਨ, ਜੋ ਇਕ ਤੋਂ ਬਾਅਦ ਇਕ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਫਸਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਤੱਕ ਮੁੱਖ ਮੰਤਰੀ ਨੇ ਸਰਾਰੀ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ, ਜੋ ਕਿ ਮੰਦਭਾਗਾ ਹੈ। ਉਨ੍ਹਾਂ ਨੇ ਭਗਵੰਤ ਮਾਨ ਦੇ ਸਿਆਸੀ ‘ਗੁਰੂ’ ਅਰਵਿੰਦ ਕੇਜਰੀਵਾਲ ਨੂੰ ਸਵਾਲ ਕੀਤਾ ਕਿ ਪੰਜਾਬ ਵਿੱਚ ਭ੍ਰਿਸ਼ਟਾਚਾਰ ਮੁਕਤ ਸਰਕਾਰ ਯਕੀਨੀ ਬਣਾਉਣ ਦੇ ਵੱਡੇ ਵਾਅਦਿਆਂ ਦਾ ਕੀ ਹੋਇਆ? ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਕੇਜਰੀਵਾਲ ਪਾਰਟੀ ਪ੍ਰਧਾਨ ਵਜੋਂ ਭਗਵੰਤ ਮਾਨ ਦੇ ਮੁੱਖ ਮੰਤਰੀ ਦੇ ਅਹੁਦੇ ‘ਤੇ ਨਜ਼ਰਸਾਨੀ ਕਰਨ ਨਹੀਂ ਤਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਸਿਆਸੀ ਜੀਵਨ ਖ਼ਤਰੇ ਵਿੱਚ ਹੈ।